ਨੱਥੂਵਾਲਾ ਗਰਬੀ, 24 ਮਈ (ਨਵਦੀਪ ਸਿੰਘ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜ਼ਿਲ੍ਹਾ ਮੋਗਾ ਦੀ ਇਕ ਅਹਿਮ ਮੀਟਿੰਗ ਪਿੰਡ ਲੰਗੇਆਣਾ ਵਿਖੇ ਮੀਤ ਪ੍ਰਧਾਨ ਕਸ਼ਮੀਰ ਸਿੰਘ ਭੇਖਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਸ਼ਮੀਰਾ ਸਿੰਘ ਭੇਖਾ ਨੇ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਪਿਛਲੇ ਦਿਨੀਂ ਲੁਹਾਰਾ, ਬਿਲਾਸਪੁਰ, ਮਾਛੀਕੇ, ਤਖ਼ਤੂਪੁਰਾ ਵਿਖੇ ਤੇਜ ਤੂਫ਼ਾਨ ਦੌਰਾਨ ਜਿੱਥੇ ਬਹੁਤ ਸਾਰੇ ਦਰਖਤਾਂ ਦਾ ਅਤੇ ਮਸ਼ੀਨਰੀ ਦਾ ਨੁਕਸਾਨ ਹੋਇਆ, ਉੱਥੇ ਹੀ ਤੇਜ਼ ਹਵਾਵਾਂ ਤੇ ਮੀਂਹ ਦੇ ਦੌਰਾਨ ਪਏ ਗੜੇਮਾਰੀ ਦੌਰਾਨ ਕਿਸਾਨਾਂ ਦੀ ਮੂੰਗੀ ਅਤੇ ਮੱਕੀ ਦੀ ਫ਼ਸਲ ਦਾ 80 ਫ਼ੀਸਦੀ ਨੁਕਸਾਨ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਪਹਿਲਾਂ ਕਿਸਾਨਾਂ ਦਾ ਆਲੂ ਦਾ ਰੇਟ ਘੱਟ ਹੋਣ ਕਾਰਨ ਬਹੁਤ ਵੱਡਾ ਨੁਕਸਾਨ ਹੋਇਆ ਅਤੇ ਫੇਰ ਕਣਕ ਦੇ ਘੱਟ ਝਾੜ ਕਾਰਨ ਵੀ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਹੈ ਤੇ ਹੁਣ ਕੁਦਰਤੀ ਕਰੋਪੀ ਦੌਰਾਨ ਆਏ ਵੱਡੇ ਤੂਫ਼ਾਨ ਵਿਚ ਹੁਣ ਫਿਰ ਬਹੁਤ ਵੱਡਾ ਨੁਕਸਾਨ ਹੋਇਆ ਹੈ, ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਹੈ | ਇਸ ਤੋਂ ਇਲਾਵਾ ਕਰਮਜੀਤ ਸਿੰਘ ਲੰਗੇਆਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੰਡੀਆਂ ਦੇ ਵਿਚ ਜਿੱਥੇ ਕਣਕ ਦੀ ਖ਼ਰੀਦ ਪਹਿਲਾਂ ਲੇਟ ਸ਼ੁਰੂ ਹੋਈ ਬੋਲੀ ਕਾਰਨ ਕਿਸਾਨ ਖ਼ਰਾਬ ਹੋਏ ਉਸ ਤੋਂ ਬਾਅਦ ਬਾਰਦਾਨੇ ਦੀ ਘਾਟ ਅਤੇ ਲਿਫ਼ਟਿੰਗ ਕਾਰਨ ਵੀ ਕਿਸਾਨ ਬਹੁਤ ਦਿਨ ਮੰਡੀਆਂ ਦੇ ਵਿਚ ਰੁਲੇ ਤੇ ਹੁਣ ਇਸ ਮੀਂਹ ਦੇ ਦੌਰਾਨ ਵੀ ਮੰਡੀ ਵਿਚ ਪਈ ਹੋਈ ਕਣਕ ਗਿੱਲੀ ਹੋ ਗਈ ਹੈ ਅਤੇ ਸਰਕਾਰ ਵਲੋਂ ਇਸ ਦੀ ਚੁਕਾਈ ਨਹੀਂ ਕੀਤੀ ਗਈ ਸਗੋਂ ਰੋਕ ਦਿੱਤੀ ਗਈ ਹੈ, ਇਸ ਦੀ ਵੱਡੇ ਪੱਧਰ 'ਤੇ ਨਿਖੇਧੀ ਕਰਦੇ ਹਾਂ, ਨਾਲ ਹੀ ਲੰਗੇਆਣਾ ਨੇ ਕਿਹਾ ਕਿ ਜੋ ਕਿ ਸਰਕਾਰ ਵਲੋਂ ਨਵੇਂ ਹੱਦ ਕਰਜ਼ਿਆਂ ਦਾ ਐਲਾਨ ਕੀਤਾ ਸੀ ਉਹ ਵੀ ਰੋਕ ਦਿੱਤੇ ਗਏ ਹਨ ਸੋ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਿਸਾਨਾਂ ਦੇ ਹੋਏ ਵੱਡੇ ਪੱਧਰ ਤੇ ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ ਅਤੇ ਵਧੇ ਹੋਏ ਹੱਦ ਕਰਜ਼ੇ ਜਲਦੀ ਲਾਗੂ ਕੀਤੇ ਜਾਣ | ਇਸ ਮੀਟਿੰਗ ਵਿਚ ਤੇਜਿੰਦਰ ਸਿੰਘ ਭੇਖਾ, ਸੁਖਦੀਪ ਸਿੰਘ ਭੇਖਾ, ਕਰਮਜੀਤ ਸਿੰਘ ਲੰਗੇਆਣਾ, ਸਤਨਾਮ ਸਿੰਘ ਭਲੂਰ, ਬਲਵਿੰਦਰ ਸਿੰਘ ਹਰੀਏਵਾਲਾ, ਗੁਰਮੀਤ ਸਿੰਘ ਆਦਿ ਹਾਜ਼ਰ ਹੋਏ ਅਤੇ ਸਟੇਜ ਦੀ ਕਾਰਵਾਈ ਤਜਿੰਦਰ ਸਿੰਘ ਭੇਖਾ ਵਲੋਂ ਚਲਾਈ ਗਈ |