ਮੋਗਾ, 24 ਮਈ (ਜਸਪਾਲ ਸਿੰਘ ਬੱਬੀ)-ਪੰਜਾਬ ਸਰਕਾਰ ਅਤੇ ਮਾਣਯੋਗ ਸਿਹਤ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਮੋਗਾ ਵਲੋਂ ਚਲਾਈ ਜਾ ਰਹੀ 'ਹਰ ਸ਼ੁੱਕਰਵਾਰ ਡੇਂਗੂ ਤੇ ਵਾਰ' ਜਾਗਰੂਕਤਾ ਮੁਹਿੰਮ ਤਹਿਤ ਸਰਕਾਰੀ ਕੰਨਿ੍ਹਆਂ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਡੇਂਗੂ ਸਬੰਧੀ ਜਾਗਰੂਕਤਾ ਰੈਲੀ ਸਿਵਲ ਸਰਜਨ ਮੋਗਾ ਡਾ. ਅਸ਼ੋਕ ਕੁਮਾਰ ਸਿੰਗਲਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਰੈਲੀ ਦੌਰਾਨ ਵਿਦਿਆਰਥਣਾਂ ਵਲੋਂ ਡੇਂਗੂ ਤੋਂ ਬਚਾਅ ਸਬੰਧੀ ਨਾਅਰੇ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਇਸ ਮੌਕੇ ਸਿਵਲ ਸਰਜਨ ਮੋਗਾ ਡਾ. ਅਸ਼ੋਕ ਕੁਮਾਰ ਸਿੰਗਲਾ ਨੇ ਕਿਹਾ ਕਿ ਡੇਂਗੂ ਇਕ ਖ਼ਤਰਨਾਕ ਬਿਮਾਰੀ ਹੈ, ਜਿਸ ਤੋਂ ਬਚਾਅ ਲਈ ਲੋਕਾਂ ਨੂੰ ਆਪਣੇ ਆਲੇ-ਦੁਆਲੇ ਸਫ਼ਾਈ ਰੱਖਣੀ ਚਾਹੀਦੀ ਹੈ ਅਤੇ ਕੂਲਰਾਂ, ਗਮਲਿਆਂ, ਪੁਰਾਣੇ ਟਾਇਰਾਂ ਅਤੇ ਹੋਰ ਪਾਣੀ ਇਕੱਠਾ ਹੋਣ ਵਾਲੀਆਂ ਥਾਵਾਂ ਦੀ ਹਫ਼ਤੇ ਵਿਚ ਇਕ ਵਾਰ ਸਫ਼ਾਈ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਡੇਂਗੂ ਦਾ ਮੱਛਰ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ ਅਤੇ ਦਿਨ ਦੇ ਸਮੇਂ ਕੱਟਦਾ ਹੈ, ਇਸ ਲਈ ਪੂਰੇ ਬਾਂਹਾਂ ਵਾਲੇ ਕੱਪੜੇ ਪਹਿਨਣੇ ਅਤੇ ਮੱਛਰ ਤੋਂ ਬਚਾਅ ਲਈ ਸਾਵਧਾਨੀਆਂ ਅਪਣਾਉਣੀਆਂ ਬਹੁਤ ਜ਼ਰੂਰੀ ਹਨ | ਹਰਜਿੰਦਰ ਕੌਰ ਬੀ.ਈ.ਈ. ਨੇ ਵਿਦਿਆਰਥੀਆਂ ਨੂੰ ਡੇਂਗੂ ਸਬੰਧੀ ਜਾਗਰੂਕ ਕਰਦਿਆਂ ਕਿਹਾ ਕਿ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਘਰ ਅਤੇ ਆਸ-ਪਾਸ ਸਾਫ਼-ਸਫ਼ਾਈ ਰੱਖੇ ਅਤੇ ਹੋਰਨਾਂ ਨੂੰ ਵੀ ਡੇਂਗੂ ਤੋਂ ਬਚਾਅ ਲਈ ਪ੍ਰੇਰਿਤ ਕਰੇ | ਇਸ ਸਮੇਂ ਡਾ. ਗੌਰਵਪ੍ਰੀਤ ਸਿੰਘ ਸੋਢੀ ਜ਼ਿਲ੍ਹਾ ਟੀ.ਬੀ. ਅਫ਼ਸਰ ਨੇ ਵਿਦਿਆਰਥਣਾਂ ਨੂੰ ਟੀ.ਬੀ. ਦੀ ਬਿਮਾਰੀ ਸੰਬੰਧੀ ਜਾਗਰੂਕ ਕੀਤਾ | ਇਸ ਮੌਕੇ ਸਕੂਲ ਪਿ੍ੰਸੀਪਲ ਮਨਪ੍ਰੀਤ ਕੌਰ, ਸਟਾਫ਼ ਤੇ ਵਿਦਿਆਰਥਣਾਂ, ਮਲੇਰੀਆ ਵਰਕਰ ਹਾਜ਼ਰ ਸਨ |