ਠੱਠੀ ਭਾਈ, 25 ਮਈ (ਜਗਰੂਪ ਸਿੰਘ ਮਠਾੜੂ)-ਮੋਗਾ ਜ਼ਿਲੇ੍ਹ ਦੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਜੀਤਾ ਸਿੰਘ ਵਾਲਾ (ਚੌਧਰੀ ਵਾਲਾ) ਵਿਖੇ ਚੱਲ ਰਹੀਆਂ ਸ਼ਰਾਬ ਦੇ ਠੇਕੇ ਦੀਆਂ ਦੋ ਬਰਾਂਚਾਂ 'ਚੋਂ ਪਿੰਡ ਦੀ ਸੱਥ ਵਿਚ ਚੱਲ ਰਹੀ ਇਕ ਬਰਾਂਚ ਨੂੰ ਚੁਕਾਉਣ ਨੂੰ ਲੈ ਕੇ ਪਿੰਡ ਵਿਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਵਿਵਾਦ ਹੁਣ ਰਾਜਨੀਤਿਕ ਰੰਗ ਧਾਰਨ ਕਰਦਾ ਨਜ਼ਰ ਆ ਰਿਹਾ ਹੈ | ਮੌਜੂਦਾ ਗ੍ਰਾਮ ਪੰਚਾਇਤ, ਸਾਬਕਾ ਗ੍ਰਾਮ ਪੰਚਾਇਤ ਅਤੇ ਵੱਡੀ ਗਿਣਤੀ ਪਿੰਡ ਵਾਸੀਆਂ ਵਲੋਂ ਕੀਤੇ ਗਏ ਸੰਘਰਸ਼ ਅਤੇ ਲਾਏ ਗਏ ਧਰਨੇ ਤੋਂ ਬਾਅਦ ਆਿਖ਼ਰਕਾਰ ਠੇਕੇਦਾਰਾਂ ਅਤੇ ਪਿੰਡ ਵਾਸੀਆਂ ਵਿਚਕਾਰ ਆਪਸੀ ਸਹਿਮਤੀ ਬਣ ਗਈ, ਜਿਸ ਤਹਿਤ ਉਕਤ ਸ਼ਰਾਬ ਦੇ ਠੇਕੇ ਦੀ ਬਰਾਂਚ ਨੂੰ ਪਿੰਡ ਦੀ ਸੱਥ ਤੋਂ ਬਾਹਰ ਲਿਜਾਣ ਦਾ ਫ਼ੈਸਲਾ ਕੀਤਾ ਗਿਆ | ਇਸ ਨਾਲ ਇਕ ਵੱਡਾ ਟਕਰਾਅ ਹੋਣ ਤੋਂ ਟਲ ਗਿਆ | ਹਾਲਾਂਕਿ ਮਾਮਲਾ ਇੱਥੇ ਹੀ ਨਹੀਂ ਰੁਕਿਆ ਅਤੇ ਬਰਾਂਚ ਚੁਕਾਏ ਜਾਣ ਵਾਲੀ ਧਿਰ ਨੇ ਇਸ ਪੂਰੇ ਮਾਮਲੇ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੰਦਿਆਂ ਗੰਭੀਰ ਦੋਸ਼ ਲਗਾਏ ਹਨ | ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਨਾਲ ਸਬੰਧਿਤ ਹੋਣ ਕਾਰਨ ਰਾਜਨੀਤਿਕ ਰੰਜਸ਼ ਦੇ ਤਹਿਤ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਇਹ ਬਰਾਂਚ ਪਿਛਲੇ ਕਰੀਬ 30 ਸਾਲਾਂ ਤੋਂ ਇਸੇ ਥਾਂ ਤੇ ਚੱਲ ਰਹੀ ਸੀ ਅਤੇ ਕਦੇ ਵੀ ਇਸ ਤਰ੍ਹਾਂ ਦਾ ਵਿਰੋਧ ਸਾਹਮਣੇ ਨਹੀਂ ਆਇਆ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਨਸ਼ਿਆਂ ਵਿਰੁੱਧ ਸੱਚਮੁੱਚ ਚਿੰਤਾ ਹੈ ਤਾਂ ਪਿੰਡ ਵਿਚ ਸ਼ਰੇਆਮ ਵਿਕ ਰਹੇ ਚਿੱਟੇ ਅਤੇ ਨਸ਼ੀਲੀਆਂ ਗੋਲੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਪਿੰਡ ਵਿਚ ਨਸ਼ਿਆਂ ਦਾ ਕਾਰੋਬਾਰ ਖੁੱਲ੍ਹੇਆਮ ਚੱਲ ਰਿਹਾ ਹੈ, ਪਰ ਉਸ ਖ਼ਿਲਾਫ਼ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ, ਜਦ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਤੇ ਨਿਯਮਾਂ ਅਨੁਸਾਰ ਲਾਇਸੰਸੀ ਤੌਰ ਤੇ ਸ਼ਰਾਬ ਦੀ ਵਿੱਕਰੀ ਕਰ ਰਹੇ ਸਨ | *ਦੂਜੇ ਪਾਸੇ ਧਰਨਾਕਾਰੀਆਂ ਵਿਚ ਸ਼ਾਮਲ ਮੌਜੂਦਾ ਗ੍ਰਾਮ ਪੰਚਾਇਤ, ਸਾਬਕਾ ਪੰਚਾਇਤ ਅਤੇ ਹੋਰ ਪਿੰਡ ਵਾਸੀਆਂ ਨੇ ਆਪਣੇ ਸਟੈਂਡ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਪਿੰਡ ਦੀ ਸੱਥ ਦੇ ਬਿਲਕੁਲ ਵਿਚਕਾਰ ਠੇਕੇ ਦੀ ਬਰਾਂਚ ਹੋਣ ਕਾਰਨ ਸਮਾਜਿਕ ਅਤੇ ਧਾਰਮਿਕ ਤੌਰ ਤੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਉਨ੍ਹਾਂ ਦੱਸਿਆ ਕਿ ਪਿੰਡ ਵਿਚ ਹਰ ਸਾਲ ਸਜਾਏ ਜਾਣ ਵਾਲੇ ਨਗਰ ਕੀਰਤਨ ਦਾ ਆਖ਼ਰੀ ਪੜਾਅ ਵੀ ਇੱਥੇ ਹੀ ਹੁੰਦਾ ਹੈ, ਜਿੱਥੇ ਵੱਡੀ ਗਿਣਤੀ ਵਿਚ ਸੰਗਤਾਂ ਇਕੱਠੀਆਂ ਹੁੰਦੀਆਂ ਹਨ | ਅਜਿਹੇ ਮਾਹੌਲ ਵਿਚ ਨਾਲ ਹੀ ਸ਼ਰਾਬ ਦੀ ਵਿੱਕਰੀ ਹੋਣਾ ਪਿੰਡ ਦੀ ਧਾਰਮਿਕ ਅਤੇ ਸਮਾਜਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਸੀ | ਪਿੰਡ ਵਾਸੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਕੁਝ ਦਿਨ ਪਹਿਲਾਂ ਪਿੰਡ ਵਿਚ ਇਕ ਵਿਅਕਤੀ ਨੂੰ ਚਿੱਟੇ ਸਮੇਤ ਗਿ੍ਫ਼ਤਾਰ ਕੀਤਾ ਗਿਆ ਸੀ ਅਤੇ ਉਸ ਦੀ ਜ਼ਮਾਨਤ ਕਰਵਾਉਣ ਲਈ ਵੀ ਕਾਂਗਰਸ ਪਾਰਟੀ ਨਾਲ ਜੁੜੇ ਲੋਕ ਸਰਗਰਮ ਸਨ | ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕੌਣ ਕਰ ਰਿਹਾ ਹੈ | ਇਸ ਪੂਰੇ ਮਾਮਲੇ ਤੋਂ ਬਾਅਦ ਪਿੰਡ ਵਿਚ ਚਿੱਟਾ ਅਤੇ ਨਸ਼ੀਲੀਆਂ ਗੋਲੀਆਂ ਵਿਕਣ ਦੇ ਲੱਗ ਰਹੇ ਦੋਸ਼ ਹੁਣ ਸਰਕਾਰ ਦੀ ''ਯੁੱਧ ਨਸ਼ਿਆਂ ਵਿਰੁੱਧ'' ਮੁਹਿੰਮ ਅਤੇ ਸਥਾਨਕ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜੇ ਕਰ ਰਹੇ ਹਨ | ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਸੰਵੇਦਨਸ਼ੀਲ ਮਾਮਲੇ ਨੂੰ ਕਿੰਨੀ ਗੰਭੀਰਤਾ ਨਾਲ ਲੈਂਦਾ ਹੈ ਅਤੇ ਪਿੰਡ ਵਿਚ ਨਸ਼ਿਆਂ ਦੇ ਲੱਗ ਰਹੇ ਦੋਸ਼ਾਂ ਦੀ ਜਾਂਚ ਕਰਕੇ ਕੀ ਕਾਰਵਾਈ ਕਰਦਾ ਹੈ |