ਮੋਗਾ, 26 ਮਈ (ਸੁਰਿੰਦਰਪਾਲ ਸਿੰਘ)-ਨਗਰ ਨਿਗਮ ਮੋਗਾ ਦੀਆਂ ਹੋਈਆਂ ਚੋਣਾਂ ਵਿਚ ਸੱਤਾਧਾਰੀ ਆਪ ਸਰਕਾਰ ਦੀ ਧੱਕੇਸ਼ਾਹੀ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ ਅਤੇ ਸਪੋਰਟਰ ਚੋਣ ਮੈਦਾਨ ਵਿਚ ਪੂਰੀ ਤਰ੍ਹਾਂ ਡਟੇ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ | ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਵੋਟਰਾਂ ਤੇ ਦਬਾਅ ਪਾਉਂਦੇ ਵੇਖੇ ਗਏ ਪਰ ਵੋਟਰਾਂ ਨੇ ਬਿਨਾਂ ਕਿਸੇ ਡਰ ਦੇ ਆਪਣੀਆਂ ਵੋਟਾਂ ਦਾ ਮਤਦਾਨ ਕੀਤਾ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੋਗਾ ਸੰਜੀਤ ਸਿੰਘ ਸੰਨੀ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਆਪ ਪਾਰਟੀ ਦੀ ਨਗਰ ਨਿਗਮ ਹੁੰਦਿਆਂ ਸ਼ਹਿਰ ਵਾਸੀਆਂ ਲਈ ਮਾੜੀ ਕਾਰਗੁਜ਼ਾਰੀ ਕਰਕੇ ਸ਼ਹਿਰ ਵਾਸੀ ਇਨ੍ਹਾਂ ਨੂੰ ਮੂੰਹ ਨਹੀਂ ਲਗਾ ਰਹੇ ਤੇ ਉਹ ਸਰਕਾਰੀ ਤੰਤਰ ਦਾ ਸਹਾਰਾ ਲੈ ਕੇ ਨਗਰ ਨਿਗਮ ਤੇ ਦੁਬਾਰਾ ਕਾਬਜ਼ ਹੋਣ ਦੀ ਸੋਚ ਰਹੇ ਹਨ ਪਰ ਉਨ੍ਹਾਂ ਦੀਆਂ ਚਾਲਾਂ ਸਫਲ ਨਹੀਂ ਹੋਣ ਦਿੱਤੀਆਂ ਜਾਣਗੀਆਂ ਕਿਉਂਕਿ ਆਪ ਸਰਕਾਰ ਨਗਰ ਨਿਗਮ ਮੋਗਾ ਅੰਦਰ ਆਪਣੀ ਹਾਰ ਕਬੂਲ ਚੁੱਕੇ ਹਨ ਅਤੇ ਨਗਰ ਨਿਗਮ ਮੋਗਾ ਅਤੇ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਹੁਣ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇ ਰਹੇ ਹਨ ਅਤੇ ਨਗਰ ਨਿਗਮ ਅੰਦਰ ਸ਼੍ਰੋਮਣੀ ਅਕਾਲੀ ਦਲ ਦਾ ਮੇਅਰ ਚੁਣ ਕੇ ਲੋਕਾਂ ਨੂੰ ਉਹ ਬੁਨਿਆਦੀ ਸਹੂਲਤਾਂ ਦੇਵਾਂਗੇ ਜੋ ਆਪ ਵਾਲੇ ਨਹੀਂ ਦੇ ਸਕੇ | ਸੰਜੀਤ ਸਿੰਘ ਸੰਨੀ ਗਿੱਲ ਨੇ ਕਿਹਾ ਕਿ ਨਗਰ ਨਿਗਮ ਦੀਆਂ ਚੋਣਾਂ ਆਉਣ ਵਾਲੀਆਂ ਕੁਝ ਮਹੀਨਿਆਂ ਤੱਕ ਸਾਲ 2027 ਦੀਆਂ ਚੋਣਾਂ ਦਾ ਵੀ ਮੁੱਢ ਬੰਨੇ੍ਹਗੀ ਤੇ ਲੋਕ ਆਪ ਪਾਰਟੀ ਵਾਲਿਆਂ ਨੂੰ ਚੱਲਦਾ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣਗੇ | ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ, ਉਮੀਦਵਾਰਾਂ, ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਬਿਨਾਂ ਕਿਸੇ ਡਰ ਭੈਅ ਦੇ ਆਪਣੀ ਜ਼ੁੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ |