ਕੋਟ ਈਸੇ ਖਾਂ, 26 ਮਈ (ਗੁਰਮੀਤ ਸਿੰਘ ਖ਼ਾਲਸਾ)-ਮੋਗਾ ਦੇ ਕਸਬਾ ਕੋਟ ਈਸੇ ਖਾਂ ਦੇ ਮਤਦਾਨ ਕੇਂਦਰਾਂ ਕੋਲ ਸੁਰੱਖਿਆ ਪ੍ਰਬੰਧਾਂ ਮੁਆਇਨਾ ਕਰਨ ਲਈ ਆਈ.ਜੀ. ਫ਼ਰੀਦਕੋਟ ਰੇਂਜ ਆਈ.ਪੀ.ਐਸ ਨੀਲੰਬਰੀ ਜਗਦਲੇ ਅਤੇ ਐਸ.ਐਸ.ਪੀ. ਮੋਗਾ ਸਰਤਾਜ ਸਿੰਘ ਚਾਹਲ ਦੁਪਹਿਰ ਮੌਕੇ ਪੁੱਜੇ | ਇਸ ਮੌਕੇ ਇਨ੍ਹਾਂ ਮਤਦਾਨ ਕੇਂਦਰਾਂ ਵਿਚ ਐਸ.ਡੀ.ਐਮ. ਗੁਰਵਿੰਦਰ ਸਿੰਘ ਜੌਹਲ ਵੀ ਮੌਜੂਦ ਰਹੇ | ਇਸ ਦੌਰਾਨ ਉਨ੍ਹਾਂ ਵਲੋਂ ਸਥਾਨਕ ਧਰਮਕੋਟ ਰੋਡ 'ਤੇ ਸਥਿਤ ਬਲਾਕ ਅਤੇ ਲੜਕੀਆਂ ਵਾਲੇ ਸਕੂਲ ਤੋਂ ਇਲਾਵਾ ਜ਼ੀਰਾ ਰੋਡ 'ਤੇ ਸਥਿਤ ਸਰਕਾਰੀ ਹਾਈ ਸਕੂਲ ਵਿੱਚ ਬਣੇ ਮਤਦਾਨ ਕੇਂਦਰਾਂ ਦਾ ਜਾਇਜ਼ਾ ਲਿਆ ਤੇ ਇਨ੍ਹਾਂ ਤੇ ਸ਼ਹਿਰ ਦੇ ਹੋਰਨਾਂ ਮਤਦਾਨ ਕੇਂਦਰਾਂ ਵਿਚ ਵੋਟਾਂ ਦੌਰਾਨ ਅਣਸੁਖਾਵੀਂ ਘਟਨਾ ਨੂੰ ਰੋਕਣ ਤੇ ਸਹੀ ਸੁਰੱਖਿਆ ਪ੍ਰਬੰਧਾਂ ਪੱਖੋਂ ਦੇਖ ਰੇਖ ਕਰ ਰਹੇ ਡੀ.ਐਸ.ਪੀ. ਸੁਖਵਿੰਦਰ ਸਿੰਘ ਬਰਾੜ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਬਣਦੇ ਜਰੂਰੀ ਦਿਸ਼ਾ ਨਿਰਦੇਸ਼ ਵੀ ਅਧਿਕਾਰੀਆਂ ਵਲੋਂ ਦਿੱਤੇ ਗਏ | ਦੱਸਣਾ ਬਣਦਾ ਹੈ ਕਿ ਸਵੇਰ ਸਮੇਂ ਤੋਂ ਹੀ ਸ਼ੁਰੂ ਹੋਈ ਪੋਲਿੰਗ ਦੌਰਾਨ ਸ਼ਹਿਰ ਦੇ ਵਾਰਡ ਨੰਬਰ 7 ਤੇ ਇਕ ਦੋ ਹੋਰ ਵਾਰਡਾਂ ਦੇ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ 'ਚ ਵਾਰ-ਵਾਰ ਤਲਖ਼ ਕਲਾਮੀ ਦੇਖਣ ਨੂੰ ਮਿਲੀ ਤੇ ਇੱਕ ਜਗ੍ਹਾ 'ਤੇ ਥੋੜੀ ਹੱਥਾ ਪਾਈ ਵੀ ਹੋਣ ਦੀ ਖ਼ਬਰਾਂ ਮਿਲੀ, ਹਾਲਾਂ ਕਿ ਸਵੇਰ ਤੋਂ ਲੈ ਕੇ ਸ਼ਾਮ ਵੋਟਾਂ ਦੇ ਸਮੇਂ ਤੱਕ ਪੁਲਿਸ ਪ੍ਰਸ਼ਾਸਨ ਵਲੋਂ ਪੂਰੀ ਚੌਕਸੀ ਤੇ ਸਖ਼ਤੀ ਨਾਲ ਆਪਣੇ ਪ੍ਰਬੰਧਾਂ ਨੂੰ ਨਿਭਾਇਆ, ਜਿਸ ਸਦਕਾ ਕੁੱਲ ਮਿਲਾ ਕੇ ਸ਼ਾਂਤੀ ਪੂਰਵਕ ਮੱਤ ਦਾਨ ਦਾ ਕੰਮ ਨੇਪਰੇ ਚੜਿਆ |