ਬਾਘਾ ਪੁਰਾਣਾ, 27 ਮਈ (ਟਿੰਕੂ ਕਾਠਪਾਲ)-ਅੱਜ ਕਾਂਗਰਸ ਪਾਰਟੀ ਵਲੋਂ ਸ਼ਹਿਰੀ ਪ੍ਰਧਾਨ ਗੁਰਜੰਟ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸ਼ਹਿਰ ਅੰਦਰ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਵੱਧ ਰਹੀ ਮਹਿੰਗਾਈ ਦੇ ਮਸਲੇ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਸ਼ਹਿਰੀ ਪ੍ਰਧਾਨ ਗੁਰਜੰਟ ਸਿੰਘ ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ਜਾ ਰਹੇ ਵਾਧੇ ਨਾਲ ਆਮ ਲੋਕਾਂ ਦੇ ਨਾਲ-ਨਾਲ ਦੁਕਾਨਦਾਰਾਂ ਅਤੇ ਵਪਾਰੀ ਵਰਗ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਇਸ ਦੌਰ ਵਿਚ ਸਭ ਤੋਂ ਵੱਧ ਮਾਰ ਗਰੀਬ ਅਤੇ ਲੋੜਵੰਦ ਪਰਿਵਾਰਾਂ 'ਤੇ ਪੈ ਰਹੀ ਹੈ, ਜਿਨ੍ਹਾਂ ਲਈ ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ | ਧਾਲੀਵਾਲ ਨੇ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਪਹਿਲਾਂ ਤੇਲ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਕੀਤਾ, ਪਰ ਹੁਣ ਵੱਖ-ਵੱਖ ਅੰਤਰਰਾਸ਼ਟਰੀ ਮਸਲਿਆਂ, ਖ਼ਾਸ ਕਰ ਈਰਾਨ ਯੁੱਧ ਨੂੰ ਬਹਾਨਾ ਬਣਾ ਕੇ ਕੀਮਤਾਂ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਨੀਤੀਆਂ ਸਿੱਧੇ ਤੌਰ 'ਤੇ ਦੇਸ਼ ਦੇ ਆਮ ਨਾਗਰਿਕਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ | ਉਨ੍ਹਾਂ ਹੋਰ ਕਿਹਾ ਕਿ ਭਾਰਤ ਦੇ ਪੜੋਸੀ ਦੇਸ਼ਾਂ ਜਿਵੇਂ ਨੇਪਾਲ, ਭੁਟਾਨ ਅਤੇ ਸ਼੍ਰੀ ਲੰਕਾ ਨੂੰ ਅੱਧੇ ਭਾਅ 'ਤੇ ਤੇਲ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਦ ਕਿ ਭਾਰਤ ਵਿਚ ਹੀ ਇਸ ਦੀਆਂ ਕੀਮਤਾਂ ਵਧ ਰਹੀਆਂ ਹਨ, ਜੋ ਕਿ ਬਿਲਕੁਲ ਗਲਤ ਨੀਤੀ ਹੈ | ਇਸ ਨਾਲ ਨਾ ਸਿਰਫ਼ ਆਮ ਲੋਕਾਂ ਨੂੰ , ਸਗੋਂ ਵਪਾਰੀ ਵਰਗ ਨੂੰ ਵੀ ਵੱਡੀ ਆਰਥਿਕ ਮਾਰ ਝੱਲਣੀ ਪੈ ਰਹੀ ਹੈ | ਕਾਂਗਰਸ ਆਗੂ ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੋਹਾਂ ਨੂੰ ਅਪੀਲ ਕੀਤੀ ਕਿ ਉਹ ਤੇਲ ਦੀਆਂ ਕੀਮਤਾਂ ਵਿਚ ਕਟੌਤੀ ਕਰਕੇ ਲੋਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ | ਉਨ੍ਹਾਂ ਕਿਹਾ ਕਿ ਵੱਧ ਰਹੀ ਮਹਿੰਗਾਈ ਨੂੰ ਕਾਬੂ ਵਿਚ ਲਿਆਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ, ਕਿਉਂਕਿ ਪਹਿਲਾਂ ਹੀ ਮੰਦੀ ਦੇ ਮਾਹੌਲ ਵਿਚ ਵਪਾਰੀ ਅਤੇ ਆਮ ਜਨਤਾ ਬਹੁਤ ਮੁਸ਼ਕਿਲ ਨਾਲ ਆਪਣਾ ਗੁਜ਼ਾਰਾ ਕਰ ਰਹੀ ਹੈ | ਮੀਟਿੰਗ ਦੌਰਾਨ ਹੋਰ ਆਗੂਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਮਹਿੰਗਾਈ ਦੇ ਮਸਲੇ 'ਤੇ ਸਰਕਾਰ ਨੂੰ ਘੇਰਿਆ | ਇਸ ਮੌਕੇ ਰਜਿੰਦਰ ਗੋਇਲ, ਵਿੱਕੀ ਠੁੱਲੀਵਾਲ ਸਮੇਤ ਹੋਰ ਕਈ ਪਾਰਟੀ ਵਰਕਰ ਮੌਜੂਦ ਸਨ, ਜਿਨ੍ਹਾਂ ਨੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ | ਮੀਟਿੰਗ ਦੇ ਅੰਤ ਵਿਚ ਫ਼ੈਸਲਾ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਵਿਚ ਮਹਿੰਗਾਈ ਦੇ ਖ਼ਿਲਾਫ਼ ਹੋਰ ਤਿੱਖੇ ਸੰਘਰਸ਼ ਕੀਤੇ ਜਾਣਗੇ ਅਤੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਜਾਵੇਗੀ | ਇਸ ਮੌਕੇ ਰਜਿੰਦਰ ਗੋਇਲ, ਅਸ਼ੋਕ ਗਰ ਜਰਨਲ ਸਕੱਤਰ ਜ਼ਿਲ੍ਹਾ ਮੋਗਾ, ਅੰਕੁਸ਼ ਗੋਇਲ, ਲਲਿਤ ਗੋਇਲ, ਪਵਨ ਗੋਇਲ, ਕਮਲ ਗਰਗ ਅਤੇ ਹੋਰ ਵੱਡੀ ਗਿਣਤੀ ਵਿਚ ਹਾਜ਼ਰ ਸਨ |