ਮੋਗਾ, 27 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਵਾਰਡ ਨੰਬਰ 11 ਸਿਵਲ ਲਾਈਨ ਦੱਤ ਰੋਡ ਮੋਗਾ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜੇ ਪਿ੍ੰਸੀਪਲ ਸਮੀਕਸਾ ਸ਼ਰਮਾ ਅਤੇ ਉਨ੍ਹਾਂ ਦੇ ਪਤੀ ਸਾਲੀਨ ਸ਼ਰਮਾ ਵਿਸ਼ੇਸ਼ ਤੌਰ 'ਤੇ 'ਅਜੀਤ' ਉਪ ਦਫ਼ਤਰ ਮੋਗਾ ਪੁੱਜੇ | ਇਸ ਮੌਕੇ ਸਮੀਕਸਾ ਸ਼ਰਮਾ ਨੇ ਆਪਣੇ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬੇਹੱਦ ਰਿਣੀ ਹਨ ਵਾਰਡ ਨੰਬਰ 11 ਦੇ ਸੂਝਵਾਨ ਵਾਸੀਆਂ ਦੇ, ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟ ਕਰਨ ਦੇ ਨਾਲ ਸਪੋਰਟ ਵੀ ਕੀਤਾ ਅਤੇ ਉਹ ਵਾਰਡ ਵਾਸੀਆਂ ਦੇ ਮਿਲੇ ਸਹਿਯੋਗ ਸਦਕਾ ਚੋਣ ਜਿੱਤਣਗੇ ਅਤੇ ਵਾਰਡ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ | ਉਨ੍ਹਾਂ ਕਿਹਾ ਕਿ ਵਾਰਡ ਵਾਸੀ ਉਨ੍ਹਾਂ ਦਾ ਆਪਣਾ ਪਰਿਵਾਰ ਹੈ ਅਤੇ ਉਹ ਹਮੇਸ਼ਾ ਹੀ ਉਨ੍ਹਾਂ ਦੇ ਦੁੱਖ ਸੁੱਖ ਵਿਚ ਸ਼ਰੀਕ ਰਹਿਣਗੇ | ਇਸ ਮੌਕੇ ਉਨ੍ਹਾਂ ਹਲਕਾ ਇੰਚਾਰਜ ਮਾਲਵਿਕਾ ਸੂਦ ਸੱਚਰ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੀ ਯੋਗ ਅਗਵਾਈ ਵਿਚ ਚੋਣ ਲੜੀ ਗਈ ਅਤੇ ਉਨ੍ਹਾਂ ਦੇ ਯਤਨਾਂ ਸਦਕਾ ਉਹ ਕਾਗ਼ਜ਼ ਭਰਨ ਵਿਚ ਸਫਲ ਹੋਏ ਅਤੇ ਉਨ੍ਹਾਂ ਨੇ ਚੋਣ ਦੌਰਾਨ ਆਪਣੇ ਵਲੋਂ ਪੂਰਨ ਤੌਰ 'ਤੇ ਸਹਿਯੋਗ ਕੀਤਾ | ਸਮੀਕਸਾ ਸ਼ਰਮਾ ਨੇ ਕਿਹਾ ਕਿ ਭਲਕੇ 29 ਮਈ ਨੂੰ ਵੋਟਾਂ ਦੀ ਗਿਣਤੀ ਹੋ ਰਹੀ ਹੈ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਵੱਡੀ ਲੀਡ ਨਾਲ ਜਿੱਤਣਗੇ ਅਤੇ ਨਗਰ ਨਿਗਮ ਮੋਗਾ ਵਿਚ ਕਾਂਗਰਸ ਆਪਣਾ ਮੇਅਰ ਚੁਣੇਗੀ ਅਤੇ ਮੋਗਾ ਸ਼ਹਿਰ ਅੰਦਰ ਵਿਕਾਸ ਦੇ ਨਾਲ ਨਾਲ ਭਾਈਚਾਰਕ ਸਾਂਝ ਨੂੰ ਵੀ ਪਹਿਲ ਦਿੱਤੀ ਜਾਵੇਗੀ | ਇਸ ਮੌਕੇ ਉਨ੍ਹਾਂ ਨਾਲ ਸਵਰਨ ਸ਼ਰਮਾ ਵੀ ਹਾਜ਼ਰ ਸਨ |