ਬੱਧਨੀ ਕਲਾਂ, 28 ਮਈ (ਸੰਜੀਵ ਕੋਛੜ)-ਕਿਰਤੀ ਕਿਸਾਨ ਯੂਨੀਅਨ ਬਲਾਕ ਨਿਹਾਲ ਸਿੰਘ ਵਾਲਾ ਦੀ ਅਹਿਮ ਮੀਟਿੰਗ ਪਿੰਡ ਲੋਪੋ ਵਿਖੇ ਬਲਾਕ ਪ੍ਰਧਾਨ ਬੇਅੰਤ ਸਿੰਘ ਮੱਲੇਆਣਾ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਵਿਚ ਸੂਬਾ ਆਗੂ ਤੇ ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇ ਖ਼ੁਰਦ ਤੇ ਜ਼ਿਲ੍ਹਾ ਮੀਤ ਪ੍ਰਧਾਨ ਨਾਜ਼ਰ ਸਿੰਘ ਖਾਈ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਇਸ ਦੌਰਾਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰੇ ਦੇਸ਼ ਵਿਚ ਮਹਿੰਗਾਈ ਦੀ ਮਾਰ ਨਾਲ ਲੋਕਾਂ ਦੇ ਘਰੇਲੂ ਜੀਵਨ ਤਹਿਸ-ਨਹਿਸ ਹੋ ਗਿਆ ਹੈ | ਲਗਾਤਾਰ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਤੋਂ ਹਰ ਵਰਗ ਪ੍ਰਸ਼ਾਨ ਹੈ ਤੇ ਇੰਟਰਨੈਸ਼ਨਲ ਪੱਧਰ ਤੇ ਰੁਪਿਆਂ ਮੂਧੇ-ਮੂੰਹ ਗਿਰ ਗਿਆ ਹੈ | ਦੇਸ਼ ਵਿਚ ਹਰ ਪਾਸੇ ਮਹਿੰਗਾਈ ਨੂੰ ਲੈ ਕੇ ਹਾਹਾਕਾਰ ਮੱਚੀ ਹੋਈ ਹੈ | ਦੂਜੇ ਪਾਸੇ ਕਿਸਾਨਾਂ ਨੂੰ ਯੂਰੀਆ ਤੇ ਡੇ.ਏ.ਪੀ. ਖਾਦ ਦੀ ਵੱਡੀ ਪੱਧਰ ਤੇ ਕਿੱਲਤ ਕਾਰਨ ਅੱਜ ਖੇਤੀ ਵੀ ਖ਼ਤਰੇ ਵਿਚ ਹੈ | ਦੇਸ਼ ਦੀ ਇਸ ਹਾਲਤ ਦੀ ਜ਼ਿੰਮੇਵਾਰ ਕੇਂਦਰ ਦੀ ਭਾਜਪਾ ਸਰਕਾਰ ਹੈ | ਅੱਜ ਮੋਦੀ ਸਰਕਾਰ ਨੇ ਦੇਸ਼ ਦੀ ਉੱਨਤੀ ਵੱਲ ਧਿਆਨ ਦੇਣ ਦੀ ਥਾਂ ਕਾਰਪੋਰੇਟ ਦੇ ਉੱਨਤੀ ਵੱਲ ਵੱਧ ਧਿਆਨ ਦਿੱਤਾ ਹੈ | ਸਾਡੇ ਦੇਸ਼ ਨੂੰ ਅਮਰੀਕਨ ਸਾਮਰਾਜ ਚਲਾ ਰਿਹਾ ਹੈ | ਇਸੇ ਕਰਕੇ ਅੱਜ ਦੇਸ਼ ਦੀ ਹਾਲਤ ਦੀਵਾਲੀਆ ਹੋਣ ਕਿਨਾਰੇ ਹੈ | ਇਸ ਮਹਿੰਗਾਈ ਦੀ ਮਾਰ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 2 ਜੂਨ ਨੂੰ ਡੀ.ਸੀ. ਦਫ਼ਤਰ ਮੋਗਾ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ | ਇਸ ਧਰਨੇ-ਪ੍ਰਦਰਸ਼ਨ ਵਿਚ ਬਲਾਕ ਵਲੋਂ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਜਾਵੇਗੀ | ਇਸ ਦੌਰਾਨ ਬਲਾਕ ਪ੍ਰਧਾਨ ਬੇਅੰਤ ਸਿੰਘ ਮੱਲੇਆਣਾ, ਬਲਾਕ ਸਕੱਤਰ ਅਵਤਾਰ ਸਿੰਘ ਖਾਈ, ਬਲਾਕ ਖ਼ਜ਼ਾਨਚੀ ਬਲਕਰਨ ਸਿੰਘ ਮੱਲੇਆਣਾ, ਬਲਾਕ ਮੀਤ ਪ੍ਰਧਾਨ ਬਲਦੇਵ ਸਿੰਘ ਭੰਗੂ ਬੱਧਨੀ ਕਲਾਂ, ਬਲਾਕ ਮੀਤ ਪ੍ਰਧਾਨ ਬਲਦੇਵ ਸਿੰਘ ਲੋਪੋ ਤੇ ਬਲਾਕ ਪੈੱ੍ਰਸ ਸਕੱਤਰ ਨਛੱਤਰ ਸਿੰਘ ਦੌਧਰ ਨੇ ਦੱਸਿਆ ਕਿ ਬਲਾਕ ਨਿਹਾਲ ਸਿੰਘ ਵਾਲਾ ਪਿੰਡਾਂ 'ਚ ਪਿਛਲੇ ਦਿਨਾਂ ਦੌਰਾਨ ਬੇ-ਮੌਸਮੀ ਬਰਸਾਤ ਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਗਈਆ ਸਨ | ਇਸ ਲਈ ਕਿਰਤੀ ਕਿਸਾਨ ਯੂਨੀਅਨ ਵਲੋਂ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਜਲਦ ਤੋਂ ਜਲਦ ਗਿਰਦਾਵਰੀ ਕਰਕੇ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਉਨ੍ਹਾਂ ਦੇ ਖਾਤਿਆਂ ਵਿਚ ਪਾਇਆ ਜਾਵੇ | ਜੇਕਰ ਪੰਜਾਬ ਸਰਕਾਰ ਨੇ ਗੜੇਮਾਰੀ ਦੇ ਮੁਆਵਜ਼ਾ ਦੇਣ ਵਿਚ ਆਨਾਕਾਨੀ ਕੀਤਾ ਤਾਂ ਕਿਰਤੀ ਕਿਸਾਨ ਯੂਨੀਅਨ ਵਲੋਂ 5 ਜੂਨ ਨੂੰ ਐਸ.ਡੀ.ਐਮ. ਦਫ਼ਤਰ ਨਿਹਾਲ ਸਿੰਘ ਵਾਲਾ ਅੱਗੇ ਧਰਨਾ ਲਗਾਇਆ ਜਾਵੇਗਾ | ਇਸ ਮੀਟਿੰਗ ਵਿਚ ਬਲਾਕ ਆਗੂ ਛਿੰਦਰ ਸਿੰਘ ਮੱਲੇਆਣਾ, ਬਲਜਿੰਦਰ ਸਿੰਘ ਮਾਛੀਕੇ, ਚਮਕੌਰ ਸਿੰਘ ਲੋਪੋ, ਜਗਦੀਪ ਸਿੰਘ ਦੌਧਰ ਫੋਰਮੈਨ ਆਦਿ ਸ਼ਾਮਿਲ ਹੋਏ |