ਮੋਗਾ, 30 ਮਈ (ਗੁਰਤੇਜ ਸਿੰਘ ਬੱਬੀ)-ਅੱਜ ਸਵੇਰੇ ਹੋਏ ਦਰਦਨਾਕ ਸੜਕ ਹਾਦਸੇ ਵਿਚ ਇਕ ਛੇ ਮਹੀਨੇ ਦੇ ਬੱਚੇ ਦੀ ਮੌਤ ਤੇ ਉਸ ਦੀ ਮਾਤਾ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਮੁਤਾਬਿਕ ਅੱਜ ਸਵੇਰੇ ਪਿੰਡ ਚੰਦ ਨਵਾਂ ਤੋਂ ਲਖਵੀਰ ਸਿੰਘ ਆਪਣੀ ਪਤਨੀ ਜੋਤੀ ਤੇ ਬੱਚਿਆਂ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੋਗਾ ਆਏ ਸਨ ਤੇ ਜਦ ਉਹ ਸਥਾਨਕ ਸ਼ਹਿਰ ਦੇ ਵਿਸ਼ਵਕਰਮਾ ਚੌਕ ਕੋਟਕਪੂਰਾ ਬਾਈਪਾਸ ਪੁੱਜੇ ਤਾਂ ਸੀਵਰੇਜ ਦੇ ਹੋਲ ਦਾ ਢੱਕਣ ਟੇਢਾ ਮੇਢਾ ਹੋਣ ਕਰ ਕੇ ਮੋਟਰਸਾਈਕਲ ਉਸ ਨਾਲ ਟਕਰਾਅ ਗਿਆ ਤੇ ਛੇ ਮਹੀਨਿਆਂ ਦਾ ਬੱਚਾ ਮਨਵੀਰ ਸਿੰਘ ਮਾਂ ਦੀ ਗੋਦੀ ਵਿਚੋਂ ਛੁੱਟ ਕੇ ਥੱਲੇ ਆ ਡਿਗਾ ਤੇ ਨਾਲ ਹੀ ਮਾਂ ਵੀ ਬੁਰੀ ਤਰ੍ਹਾਂ ਗੋਤਾ ਖਾ ਕੇ ਡਿਗ ਪਈ | ਇਕ ਨਿੱਜੀ ਗੱਡੀ ਰਾਹੀਂ ਉਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮਨਵੀਰ ਸਿੰਘ ਨੂੰ ਮਿ੍ਤਕ ਐਲਾਨ ਦਿੱਤਾ ਤੇ ਉਸ ਦੀ ਮਾਤਾ ਜੋਤੀ ਦੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਨੂੰ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਰੈਫ਼ਰ ਕਰ ਦਿੱਤਾ ਗਿਆ | ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮਿ੍ਤਕ ਮਨਵੀਰ ਸਿੰਘ ਦੀ ਮਾਤਾ ਜੋਤੀ ਵੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ |