ਕੋਟ ਈਸੇ ਖਾਂ, 30 ਮਈ (ਗੁਰਮੀਤ ਸਿੰਘ ਖਾਲਸਾ)-ਨਗਰ ਪੰਚਾਇਤ ਕੋਟ ਈਸੇ ਖਾਂ ਦੀਆਂ ਚੋਣਾਂ ਦੇ ਨਤੀਜਿਆਂ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਭਾਵੇਂ ਹਾਕਮ ਧਿਰ ਨੇ ਚੋਣਾਂ ਵਿਚ ਜਿੱਤ ਦਰਜ ਕੀਤੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਦਾ ਦੂਜੇ ਨੰਬਰ 'ਤੇ ਆਉਣਾ ਪਾਰਟੀ ਲਈ ਹੌਸਲਾ ਵਧਾਉਣ ਵਾਲਾ ਅਤੇ ਭਵਿੱਖ ਲਈ ਸ਼ੁਭ ਸੰਕੇਤ ਹੈ¢ ਉਨ੍ਹਾਂ ਕਿਹਾ ਕਿ ਕੋਟ ਈਸੇ ਖਾਂ ਦੇ ਚੋਣ ਨਤੀਜਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਲੋਕਾਂ ਵਿਚ ਆਪਣੀ ਮਜ਼ਬੂਤ ਪਕੜ ਰੱਖਦਾ ਹੈ ਅਤੇ ਸ਼ਹਿਰੀ ਖੇਤਰਾਂ ਵਿਚ ਵੀ ਪਾਰਟੀ ਦੀ ਸਵੀਕਾਰਤਾ ਲਗਾਤਾਰ ਵਧ ਰਹੀ ਹੈ¢ ਮੱਖਣ ਬਰਾੜ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਨਗਰ ਪੰਚਾਇਤ ਚੋਣਾਂ ਦੌਰਾਨ ਹਾਕਮ ਧਿਰ ਨੂੰ 4274 ਵੋਟਾਂ (ਕੁੱਲ 13 ਵਾਰਡ 'ਚ ਉਮੀਦਵਾਰ) ਪ੍ਰਾਪਤ ਹੋਈਆਂ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ 1069 ਵੋਟਾਂ ਮਿਲੀਆਂ (ਕੁੱਲ 13 ਚੋਂ 11 ਵਾਰਡ ਵਿਚ ਉਮੀਦਵਾਰ)¢ ਇਸੇ ਤਰ੍ਹਾਂ ਕਾਂਗਰਸ ਪਾਰਟੀ ਨੂੰ 850 ਵੋਟਾਂ (ਕੁੱਲ 13 ਵਾਰਡ 'ਚ ਉਮੀਦਵਾਰ) ਪ੍ਰਾਪਤ ਹੋਈਆਂ ਅਤੇ ਭਾਰਤੀ ਜਨਤਾ ਪਾਰਟੀ ਲਗਭਗ 150 ਵੋਟਾਂ ਹਾਸਲ ਕਰਨ ਵਿਚ ਸਫਲ ਰਹੀ¢ ਉਨ੍ਹਾਂ ਕਿਹਾ ਕਿ ਇਨ੍ਹਾਂ ਅੰਕੜਿਆਂ ਤੋਂ ਸਪਸ਼ਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਅਤੇ ਭਾਜਪਾ ਨੂੰ ਪਿੱਛੇ ਛੱਡਦਿਆਂ ਦੂਜਾ ਸਥਾਨ ਹਾਸਲ ਕੀਤਾ ਹੈ ਜੋ ਕਿ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਦੀ ਮਿਹਨਤ ਦਾ ਨਤੀਜਾ ਹੈ¢ ਉਨ੍ਹਾਂ ਕਿਹਾ ਕਿ ਇਹ ਨਤੀਜੇ ਆਉਣ ਵਾਲੇ ਸਮੇਂ ਵਿਚ ਅਕਾਲੀ ਦਲ ਲਈ ਹੋਰ ਵੀ ਉਤਸ਼ਾਹਜਨਕ ਸਾਬਤ ਹੋਣਗੇ¢ ਮੱਖਣ ਬਰਾੜ ਨੇ ਵੋਟਰਾਂ, ਪਾਰਟੀ ਵਰਕਰਾਂ ਅਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਭਰ ਵਿਚ ਹੋਈਆਂ ਸਥਾਨਕ ਚੋਣਾਂ ਦੌਰਾਨ ਵੀ ਸ਼੍ਰੋਮਣੀ ਅਕਾਲੀ ਦਲ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ ¢ ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੀਤੀ ਜਾ ਰਹੀ ਲਗਾਤਾਰ ਮਿਹਨਤ ਦਾ ਨਤੀਜਾ ਹੁਣ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ¢