ਮੋਗਾ, 31 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਹੁਣੇ ਹੁਣੇ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵਿਚ ਵਾਰਡ ਨੰਬਰ 8 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਸਾਬਕਾ ਕੌਂਸਲਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਝੰਡੇਆਣਾ ਭਾਵੇਂ ਕੁਝ ਵੋਟਾਂ ਨਾਲ ਚੋਣ ਹਾਰ ਗਏ ਪਰ ਉਨ੍ਹਾਂ ਨੇ ਕਿਹਾ ਕਿ ਵਾਰਡ ਵਾਸੀਆਂ ਦਾ ਫ਼ਤਵਾ ਸਿਰ ਮੱਥੇ ਪ੍ਰਵਾਨ ਹੈ ਪਰ ਇਸ ਦੇ ਬਾਵਜੂਦ ਵੀ ਉਹ ਪਹਿਲਾਂ ਵਾਂਗ ਹੀ ਵਾਰਡ ਵਾਸੀਆਂ ਦੀ ਸੇਵਾ ਵਿਚ ਹਾਜ਼ਰ ਰਹਿਣਗੇ ਕਿਉਂਕਿ ਵਾਰਡ ਵਾਸੀ ਉਸ ਦਾ ਆਪਣਾ ਪਰਿਵਾਰ ਹੈ | ਚਰਨਜੀਤ ਸਿੰਘ ਝੰਡੇਆਣਾ ਨੇ ਕਿਹਾ ਕਿ ਉਹ ਆਪਣੇ ਵੋਟਰਾਂ, ਸਪੋਰਟਰਾਂ ਤੇ ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਦੇ ਵੀ ਰਿਣੀ ਹਨ ਜਿਨ੍ਹਾਂ ਨੇ ਚੋਣ ਦੌਰਾਨ ਉਨ੍ਹਾਂ ਦੀ ਡਟ ਕੇ ਹਮਾਇਤ ਕੀਤੀ | ਚਰਨਜੀਤ ਸਿੰਘ ਝੰਡੇਆਣਾ ਨੇ ਸੱਤਾਧਾਰੀ ਸਰਕਾਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸੱਤਾਧਾਰੀ ਸਰਕਾਰ ਨੇ ਨਗਰ ਨਿਗਮ ਦੀਆਂ ਚੋਣਾਂ ਜਿੱਤਣ ਲਈ ਹਰ ਹਰਬਾ ਵਰਤਿਆ ਅਤੇ ਵੋਟਾਂ ਪੈਣ ਤੋਂ ਲੈ ਕੇ ਵੋਟਾਂ ਦੀ ਗਿਣਤੀ ਤੱਕ ਕੀਤੀ ਧੱਕੇਸ਼ਾਹੀ ਨਾਲ ਹੀ ਬਹੁਤ ਸਾਰੇ ਜੇਤੂ ਵਿਰੋਧੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੂੰ ਹਰਾ ਦਿੱਤਾ ਗਿਆ ਅਤੇ ਨਗਰ ਨਿਗਮ 'ਤੇ ਮੁੜ ਤੋਂ ਲੋਕਤੰਤਰ ਦਾ ਘਾਣ ਕਰ ਕੇ ਕਬਜ਼ਾ ਕਰ ਲਿਆ ਗਿਆ | ਇਸ ਲਈ ਉਹ ਆਪਣੀ ਹਾਰ ਨੂੰ ਹਾਰ ਨਹੀਂ ਮੰਨਦੇ ਇਹ ਧੱਕੇਸ਼ਾਹੀ ਦੀ ਭੇਟ ਚੜ੍ਹੀ ਹਾਰ ਹੈ | ਚਰਨਜੀਤ ਸਿੰਘ ਝੰਡੇਆਣਾ ਨੇ ਕਿਹਾ ਕਿ ਸੱਤਾਧਾਰੀ ਸਰਕਾਰ ਵਲੋਂ ਇਸ ਧੱਕੇਸ਼ਾਹੀ ਦਾ ਜਵਾਬ ਲੋਕ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੇਣਗੇ |