ਤਪਾ ਮੰਡੀ (ਬਰਨਾਲਾ), 8 ਸਤੰਬਰ (ਵਿਜੇ ਸ਼ਰਮਾ)- ਸਥਾਨਕ ਸ਼ਹਿਰ ਦੇ ਇਕ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਇੰਚਾਰਜ ਕੁਲਵੰਤ ਸਿੰਘ ਕੱਟੂ ਨੇ ਦੱਸਿਆ ਕਿ ਪੁਲਿਸ ਨੂੰ ਮ੍ਰਿਤਕ ਵੁਰਣ ਕੁਮਾਰ ਦੇ ਪਿਤਾ ਬੌਬੀ ਪੁੱਤਰ ਮਦਨ ਲਾਲ ਵਾਸੀ ਵਾਲਮੀਕ ਬਸਤੀ ਤਪਾ ਨੇ ਬਿਆਨ ਦਰਜ ਕਰਵਾਏ ਕਿ ਪਿਛਲੇ ਕੁੱਝ ਦਿਨਾਂ ਤੋਂ ਵਰੁਣ ਕੁਮਾਰ ਲਾਪਤਾ ਸੀ ਜਿਸ ਦੀ ਭਾਲ ਕੀਤੀ ਗਈ ਪਰ ਉਹ ਨਹੀਂ ਮਿਲਿਆ ਜਿਸ ਦੀ ਲਾਸ਼ ਢਿੱਲਵਾਂ ਰੋਡ 'ਤੇ ਸਥਿਤ ਗੰਦੇ ਨਾਲੇ ਤੋਂ ਮਿਲੀ>
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਤੇ ਜੱਸਾ ਰਾਮ ਪੁੱਤਰ ਨੰਦ ਲਾਲ ਵਾਸੀ ਬਾਜੀਗਰ ਬਸਤੀ ਅਤੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਦੋਸਤ ਵਲੋਂ ਵਰੁਣ ਨੂੰ ਨਸ਼ੇ ਦੀ ਓਵਰਡੋਜ਼ ਦਿੱਤੀ ਗਈ, ਜਿਸ ਦੀ ਹਾਲਤ ਵਿਗੜਣ ਤੋਂ ਬਾਅਦ ਕਥਿਤ ਤੌਰ ’ਤੇ ਉਸ ਦੀ ਮੌਤ ਹੋ ਗਈ। ਇਹ ਵੀ ਪਤਾ ਲੱਗਿਆ ਕਿ ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ।