ਮੋਗਾ, 1 ਜੂਨ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਨੇ ਕੈਬਨਿਟ ਮੀਟਿੰਗ ਵਿਚ ਆਊਟ ਸੋਰਸ ਤੇ ਠੇਕੇਦਾਰੀ ਸਿਸਟਮ ਵਿਚ ਕੰਮ ਕਰਨ ਵਾਲੇ ਤਕਰੀਬਨ 65 ਹਜ਼ਾਰ ਕਾਮਿਆਂ ਨੂੰ ਸਰਕਾਰੀ ਸਿਸਟਮ ਅਧੀਨ ਲਿਆਉਣ ਦਾ ਮਤਾ ਪਾਸ ਕਰ ਕੇ ਉਨ੍ਹਾਂ ਮੁਲਾਜ਼ਮਾਂ ਦਾ ਭਵਿੱਖ ਸੁਰੱਖਿਅਤ ਕੀਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਅਤੇ ਚੇਅਰਮੈਨ ਪਲੈਨਿੰਗ ਬੋਰਡ ਬਰਿੰਦਰ ਕੁਮਾਰ ਮਧੇਕੇ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤਾ | ਚੇਅਰਮੈਨ ਮਧੇਕੇ ਨੇ ਦੱਸਿਆ ਕਿ ਪੰਜਾਬ ਦੇ 51 ਵਿਭਾਗਾਂ ਵਿਚ ਪਿਛਲੇ ਲੰਮੇ ਸਮੇਂ ਤੋਂ ਠੇਕੇਦਾਰੀ ਸਿਸਟਮ ਰਾਹੀਂ ਮੁਲਾਜ਼ਮਾਂ ਨੂੰ ਭਰਤੀ ਕਰ ਕੇ ਕੰਮ ਕਰਾਇਆ ਜਾਂਦਾ ਸੀ ਜਿਸ ਨਾਲ ਜਿੱਥੇ ਸਖ਼ਤ ਮਿਹਨਤ ਕਰਨ ਵਾਲੇ ਕਾਮਿਆਂ ਦਾ ਸ਼ੋਸ਼ਣ ਹੁੰਦਾ ਸੀ ਉੱਥੇ ਹੀ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਭਵਿੱਖ ਖ਼ਤਰੇ ਵਿਚ ਸੀ ਕਿਉਂਕਿ ਠੇਕੇਦਾਰੀ ਸਿਸਟਮ ਵਿਚ ਹਰ ਮੁਲਾਜ਼ਮ ਨੂੰ ਆਰਜ਼ੀ ਭਰਤੀ ਕੀਤਾ ਜਾਂਦਾ ਸੀ ਤੇ ਠੇਕੇਦਾਰ ਉਨ੍ਹਾਂ ਤੋਂ ਫੁੱਲ ਤਨਖ਼ਾਹ ਦੇ ਚੈੱਕ 'ਤੇ ਦਸਤਖ਼ਤ ਕਰਵਾ ਕੇ ਉਨ੍ਹਾਂ ਨੂੰ ਆਪਣੀ ਮਰਜ਼ੀ ਨਾਲ ਤਨਖ਼ਾਹ ਦਿੰਦਾ ਸੀ | ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਲਈ ਮੁਲਾਜ਼ਮਾਂ ਨੂੰ ਇਹ ਸਾਰਾ ਕੁਝ ਸਹਿਣਾ ਪੈਂਦਾ ਸੀ ਪਰ ਹੁਣ ਉਨ੍ਹਾਂ 65 ਹਜ਼ਾਰ ਤੋਂ ਉੱਪਰ ਕਾਮਿਆਂ ਦਾ ਸਹਾਰਾ ਬਣੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਪੂਰੀ ਕੈਬਨਿਟ ਟੀਮ ਜਿਨ੍ਹਾਂ ਨੇ ਠੇਕੇਦਾਰੀ ਸਿਸਟਮ ਨੂੰ ਬੰਦ ਕਰਨ ਦਾ ਐਲਾਨ ਕਰ ਕੇ ਉਨ੍ਹਾਂ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਚਿਹਰਿਆਂ 'ਤੇ ਖ਼ੁਸ਼ੀ ਲਿਆਂਦੀ ਹੈ | ਚੇਅਰਮੈਨ ਨੇ ਦੱਸਿਆ ਕਿ ਹੁਣ ਗਰੁੱਪ ਸੀ ਅਤੇ ਗਰੁੱਪ ਡੀ ਅਧੀਨ ਆਉਂਦੇ ਸਾਰੇ ਮੁਲਾਜ਼ਮਾਂ ਦਾ ਸਿੱਧਾ ਰਾਬਤਾ ਸਰਕਾਰ ਨਾਲ ਹੋਵੇਗਾ ਅਤੇ ਤਨਖ਼ਾਹ ਵੀ ਸਿੱਧੀ ਉਨ੍ਹਾਂ ਦੇ ਖਾਤਿਆਂ ਵਿਚ ਮਿਲਿਆ ਕਰੇਗੀ ਅਤੇ ਉਨ੍ਹਾਂ ਨੂੰ ਸਰਕਾਰੀ ਸਹੂਲਤਾਂ ਜਿਵੇਂ ਸਰਕਾਰੀ ਛੁੱਟੀਆਂ, ਮਾਣ ਭੱਤੇ ਆਦਿ ਸਾਰੇ ਲਾਭ ਮਿਲਿਆ ਕਰਨਗੇ | ਅਖੀਰ ਵਿਚ ਚੇਅਰਮੈਨ ਬਰਿੰਦਰ ਮਧੇਕੇ ਨੇ 65 ਹਜ਼ਾਰ ਤੋਂ ਉੱਪਰ ਕਾਮਿਆਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ |