ਬਾਘਾ ਪੁਰਾਣਾ, 2 ਜੂਨ (ਟਿੰਕੂ ਕਾਠਪਾਲ)-ਸੇਵਾ ਕੇਂਦਰ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਅਣਮਿਥੀ ਹੜਤਾਲ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਥਾਨਕ ਸ਼ਹਿਰ ਬਾਘਾ ਪੁਰਾਣਾ ਵਿਚ ਬਣੇ ਸੇਵਾ ਕੇਂਦਰ ਵਿਚ ਰੋਜ਼ਾਨਾ ਆਪਣੇ ਕੰਮ ਕਰਵਾਉਣ ਆਉਣ ਵਾਲੇ ਲੋਕ ਖੱਜਲ-ਖੁਆਰ ਹੋ ਰਹੇ ਹਨ, ਕਿਉਂਕਿ ਹੜਤਾਲ ਕਾਰਨ ਸਾਰੇ ਕੰਮਕਾਜ ਠੱਪ ਪਏ ਹਨ | ਖ਼ਾਸ ਕਰ ਕੇ ਉਹ ਲੋਕ ਜੋ ਆਪਣੀਆਂ ਜ਼ਰੂਰੀ ਕਾਗ਼ਜ਼ੀ ਕਾਰਵਾਈਆਂ ਲਈ ਸੇਵਾ ਕੇਂਦਰ 'ਤੇ ਨਿਰਭਰ ਹਨ, ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ | ਬਹੁਤ ਸਾਰੇ ਲੋਕਾਂ ਨੂੰ ਆਪਣੇ ਦਸਤਾਵੇਜ਼ ਤਿਆਰ ਕਰਵਾਉਣ, ਸਰਕਾਰੀ ਸੇਵਾਵਾਂ ਲਈ ਅਰਜ਼ੀਆਂ ਦੇਣ ਅਤੇ ਹੋਰ ਜ਼ਰੂਰੀ ਕੰਮਾਂ ਲਈ ਵਾਰ-ਵਾਰ ਸੇਵਾ ਕੇਂਦਰ ਦੇ ਚੱਕਰ ਲਗਾਉਣੇ ਪੈ ਰਹੇ ਹਨ, ਪਰ ਉਨ੍ਹਾਂ ਨੂੰ ਨਿਰਾਸ਼ ਹੀ ਵਾਪਸ ਮੁੜਨਾ ਪੈਂਦਾ ਹੈ | ਲੋਕਾਂ ਨੇ ਦੱਸਿਆ ਕਿ ਕਈ ਜ਼ਰੂਰੀ ਕੰਮ ਸਮੇਂ ਸਿਰ ਨਾ ਹੋਣ ਕਰ ਕੇ ਉਨ੍ਹਾਂ ਨੂੰ ਆਰਥਿਕ ਅਤੇ ਪ੍ਰਸ਼ਾਸਨਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਜਦ ਤੱਕ ਹੜਤਾਲ ਖ਼ਤਮ ਨਹੀਂ ਹੁੰਦੀ, ਤਦ ਤੱਕ ਸਰਕਾਰ ਨੂੰ ਵੱਖਰੇ ਤੌਰ 'ਤੇ ਦਫ਼ਤਰਾਂ ਵਿਚ ਬਦਲਵੀਂ ਵਿਵਸਥਾ ਕਰਨੀ ਚਾਹੀਦੀ ਹੈ, ਤਾਂ ਜੋ ਜਰੂਰੀ ਸੇਵਾਵਾਂ ਜਾਰੀ ਰਹਿ ਸਕਣ | ਇਸ ਸਬੰਧੀ ਕਈ ਨਾਗਰਿਕਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਏ ਅਤੇ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਜਲਦ ਕੋਈ ਹੱਲ ਕੱਢੇ | ਜੇਕਰ ਹੜਤਾਲ ਲੰਬੀ ਚੱਲੀ ਤਾਂ ਲੋਕਾਂ ਦੀਆਂ ਸਮੱਸਿਆਵਾਂ ਹੋਰ ਵੱਧ ਸਕਦੀਆਂ ਹਨ | ਅੰਤ ਵਿਚ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸੇਵਾ ਕੇਂਦਰ ਕਰਮਚਾਰੀਆਂ ਦੀਆਂ ਬਣਦੀਆਂ ਜਾਇਜ਼ ਮੰਗਾਂ ਮੰਨ ਕੇ ਇਸ ਹੜਤਾਲ ਨੂੰ ਖ਼ਤਮ ਕਰਵਾਇਆ ਜਾਵੇ, ਤਾਂ ਜੋ ਆਮ ਜਨਤਾ ਨੂੰ ਇਸ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ ਅਤੇ ਸੇਵਾਵਾਂ ਮੁੜ ਸੁਚਾਰੂ ਢੰਗ ਨਾਲ ਸ਼ੁਰੂ ਹੋ ਸਕੇ |