ਮੋਗਾ, 2 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਕੈਂਸਰ ਇਕੋ ਇਕ ਬਹੁਤ ਹੀ ਭਿਆਨਕ ਬਿਮਾਰੀ ਹੈ ਅਤੇ ਪੰਜਾਬ ਵਿਚ ਹਰ ਰੋਜ 68 ਮੌਤਾਂ ਕੈਂਸਰ ਨਿਗਲ ਜਾਂਦਾ ਹੈ ਅਤੇ ਇਸ ਰਿਪੋਰਟ ਨੂੰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਮੰਤਰੀ ਪ੍ਰਦੀਪ ਰਾਓ ਯਾਦਵ ਨੇ ਪਾਰਲੀਮੈਂਟ ਵਿਚ ਪੇਸ਼ ਕੀਤੀ ਹੈ, ਜੋ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਲਈ ਅਸੀਂ ਖ਼ੁਦ ਹੀ ਜ਼ੁੰਮੇਵਾਰ ਹਾਂ ਕਿਉਂਕਿ ਤਜਾਰਤਬਾਜੀ ਵਿਚ ਉਲਝੇ ਅਸੀਂ ਪਵਨ ਗੁਰੂ ਪਾਣੀ ਪਿਤਾ ਦੇ ਮਹਾਂਵਾਕ ਪਾਣੀ, ਮਿੱਟੀ ਤੇ ਹਵਾ ਜ਼ਹਿਰੀਲੀ ਕਰ ਦਿੱਤੀ ਪਰ ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਜ਼ਰੀਏ ਮੇਰਾ ਮੁੱਖ ਮਕਸਦ ਪੰਜਾਬ ਨੂੰ ਕੈਂਸਰ ਮੁਕਤ ਕਰਨਾ ਹੈ | ਇਹ ਪ੍ਰਗਟਾਵਾ ਵਰਲਡ ਕੈਂਸਰ ਕੇਅਰ ਦੇ ਗਲੋਬਲ ਅੰਬੈਸਡਰ ਕੁਲਵੰਤ ਧਾਲੀਵਾਲ ਨੇ 'ਅਜੀਤ' ਉਪ ਦਫ਼ਤਰ ਮੋਗਾ ਵਿਖੇ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦੇ 12783 ਪਿੰਡ ਹਨ ਅਤੇ ਹੁਣ ਤੱਕ 12000 ਪਿੰਡਾਂ ਵਿਚ ਚੈੱਕਅਪ ਕਰ ਚੁੱਕੇ ਹਾਂ ਅਤੇ ਜਿਹੜੇ ਕੈਂਸਰ ਤੋਂ ਪੀੜਤ ਪਾਏ ਗਏ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਕੈਂਸਰ ਰੋਕੋ ਮੁਹਿੰਮ ਲਈ ਵਰਲਡ ਕੈਂਸਰ ਕੇਅਰ ਦੁਨੀਆਂ ਦੇ 48 ਮੁਲਕਾਂ ਵਿਚ ਕੰਮ ਕਰ ਰਹੀ ਹੈ ਅਤੇ ਪੰਜਾਬ ਵਿਚ ਜਲੰਧਰ ਹੈੱਡ ਆਫ਼ਿਸ ਹੋਣ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਕੋਲ ਪਿੰਡ ਡੂਮੇਵਾਲ ਵਿਚ 125 ਬਿੱਡਾਂ ਦਾ ਹਸਪਤਾਲ ਖੋਲਿ੍ਹਆ ਗਿਆ ਹੈ ਅਤੇ ਲੋਕਾਂ ਨੂੰ ਅੱਖਾਂ ਦੀ ਰੌਸ਼ਨੀ ਦੇਣ ਲਈ ਬਾਬੇ ਨਾਨਕ ਚਰਨਛੋਹ ਧਰਤੀ ਸੁਲਤਾਨਪੁਰ ਲੋਧੀ ਕੋਲ ਗੁਰੂ ਨਾਨਕ ਆਈ ਹਸਪਤਾਲ ਬਣਾਇਆ ਜਾ ਰਿਹਾ ਹੈ ਅਤੇ ਲਗਾਏ ਗਏ ਕੈਂਪਾਂ ਦੌਰਾਨ ਪਿਛਲੇ ਸਾਲ ਸਵਾ ਲੱਖ ਐਨਕਾਂ ਅਤੇ ਦਵਾਈਆਂ ਦਿੱਤੀਆਂ ਗਈਆਂ ਅਤੇ ਇਸ ਸਾਲ ਡੇਢ ਲੱਖ ਐਨਕ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਵਰਲਡ ਕੈਂਸਰ ਕੇਅਰ ਕੋਲ 21 ਆਧੁਨਿਕ ਬੱਸਾਂ ਹਨ ਤੇ ਦੋ ਬੱਸਾਂ ਆਈ ਸਪੈਸ਼ਲਿਸਟ ਮੋਬਾਇਲਜ ਹਨ ਜੋ ਪੰਜਾਬ ਵਿਚ ਕੋਨੇ ਕੋਨੇ 'ਤੇ ਜਾ ਕੇ ਮੁਫ਼ਤ ਇਲਾਜ ਨਾਲ ਅੱਖਾਂ ਦੀ ਰੌਸ਼ਨੀ ਦੇ ਰਹੀਆਂ ਹਨ | ਕੁਲਵੰਤ ਧਾਲੀਵਾਲ ਨੇ ਕਿਹਾ ਕਿ ਔਰਤਾਂ ਵਿਚ ਵਧੇਰੇ ਕੈਂਸਰ ਪਾਇਆ ਜਾਂਦਾ ਹੈ ਅਤੇ ਹਰ ਚਾਰ ਔਰਤਾਂ ਵਿਚ ਦੋ ਨੂੰ ਕੈਂਸਰ ਹੁੰਦਾ ਹੈ | ਉਨ੍ਹਾਂ ਖ਼ਾਸ ਕਰਕੇ ਪੰਜਾਬ ਦੀ ਹਰ ਮਾਂ ਭੈਣ ਨੂੰ ਅਪੀਲ ਕੀਤੀ ਕਿ ਕਿ ਵਰਲਡ ਕੈਂਸਰ ਕੇਅਰ ਵਲੋਂ ਲਗਾਏ ਜਾਂਦੇ ਕੈਂਪਾਂ ਵਿਚ ਪੁੱਜ ਕੇ ਆਪਣਾ ਚੈੱਕਅਪ ਜ਼ਰੂਰ ਕਰਵਾਉਣ ਕਿਉਂਕਿ ਕੈਂਸਰ ਜੇਕਰ ਪਹਿਲੀ ਹੀ ਸਟੇਜ 'ਤੇ ਫੜਿਆ ਜਾਵੇ ਤਾਂ ਇਲਾਜ ਪੂਰੀ ਤਰ੍ਹਾਂ ਸੰਭਵ ਹੈ | ਕੁਲਵੰਤ ਧਾਲੀਵਾਲ ਨੇ ਕਿਹਾ ਕਿ ਅੱਜ ਹਰ ਵਿਅਕਤੀ ਨੂੰ ਆਪਣੀ ਦਸ਼ਾ, ਦਿਸ਼ਾ ਬਦਲ ਕੇ ਸਾਦਗੀ ਭਰਿਆ ਜੀਵਨ ਜਿਊਣਾ ਚਾਹੀਦਾ ਹੈ ਕਿਉਂਕਿ ਜੇਕਰ ਸਾਦਾ ਜੀਵਨ, ਸਾਦਾ ਭੋਜਨ ਅਪਣਾਵਾਂਗੇ ਤਾਂ ਜ਼ਾਹਿਰ ਤੌਰ ਤੇ ਬਿਮਾਰੀਆਂ ਤੋਂ ਵੀ ਮੁਕਤੀ ਪਾਵਾਂਗੇ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨਾਂ ਦੀ ਕਥਨੀ 'ਤੇ ਅਮਲ ਕਰਦੇ ਹੋਏ ਸਾਨੂੰ ਕਿਰਤ ਕਰੋ ਨਾਮ ਜਪੋ ਵੰਡ ਛਕੋ ਨੂੰ ਅਮਲੀ ਜਾਮਾ ਪਹਿਨਾਉਣ ਦੀ ਵਧੇਰੇ ਲੋੜ ਹੈ ਅਤੇ ਅੱਜ ਲੋੜ ਹੈ ਦਵਾਈਆਂ ਦੇ ਲੰਗਰਾਂ ਦੀ ਕਿਉਂਕਿ ਅੱਜ ਦੇ ਮੌਜੂਦਾ ਦੌਰ ਵਿਚ ਇਲਾਜ ਬਹੁਤ ਮਹਿੰਗਾ ਹੋ ਚੁੱਕਾ ਹੈ ਅਤੇ ਗਰੀਬ ਆਦਮੀ ਦੇ ਵੱਸ ਦਾ ਰੋਗ ਨਹੀਂ ਰਿਹਾ |