ਮੋਗਾ, 2 ਜੂਨ (ਸੁਰਿੰਦਰਪਾਲ ਸਿੰਘ)-ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਰਾਜ ਵਿਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਲਈ ਪ੍ਰੀ ਐਸ.ਆਈ.ਆਰ. ਦਾ ਕੰਮ ਜਾਰੀ ਹੈ | ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਉਦੇਸ਼ 'ਹਰੇਕ ਯੋਗ ਨਾਗਰਿਕ ਨੂੰ ਵੋਟਰ ਸੂਚੀ ਵਿਚ ਸ਼ਾਮਲ ਕਰਨਾ ਅਤੇ ਅਯੋਗ ਵਿਅਕਤੀਆਂ ਨੂੰ ਸੂਚੀ ਵਿਚੋਂ ਬਾਹਰ ਕਰਨਾ ਹੈ | ਇਸ ਸਬੰਧੀ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸਾਗਰ ਸੇਤੀਆ ਨੇ ਦੱਸਿਆ ਕਿ ਪ੍ਰੀ ਐਸ.ਆਈ.ਆਰ. ਅਧੀਨ ਵੋਟਰਾਂ ਦੀ ਮੈਪਿੰਗ ਫ਼ੀਸਦੀ ਵਧਾਉਣ ਲਈ 7 ਜੂਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਜਾਵੇਗਾ ਜਿਸ ਦੌਰਾਨ ਸਮੂਹ ਬੀ.ਐਲ.ਓਜ. ਆਪਣੇ-ਆਪਣੇ ਬੂਥਾ 'ਤੇ ਉਪਲਬਧ ਰਹਿ ਕੇ ਮੈਪਿੰਗ ਫ਼ੀਸਦੀ ਵਧਾਉਣਗੇ | ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਵਿਸ਼ੇਸ਼ ਕੈਂਪ ਦਾ ਲਾਹਾ ਜ਼ਰੂਰ ਲਿਆ ਜਾਵੇ ਅਤੇ ਆਪਣੇ ਨਾਲ ਸਬੰਧਿਤ ਬੀ.ਐਲ.ਓ. ਨੂੰ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਏ ਜਾਣ | ਸ੍ਰੀ ਸੇਤੀਆ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਲੋਂ ਕੀਤੀ ਗਈ ਪ੍ਰੀ ਐਸ.ਆਈ.ਆਰ. ਮੈਪਿੰਗ ਦੇ ਤਹਿਤ ਜ਼ਿਲੇ੍ਹ ਦੇ 7 ਲੱਖ 55 ਹਜਾਰ 529 ਵੋਟਰਾਂ ਵਿਚੋਂ 6 ਲੱਖ 63 ਹਜ਼ਾਰ 774 ਵੋਟਰਾਂ ਦੀ ਮੈਪਿੰਗ ਕੀਤੀ ਜਾ ਚੁੱਕੀ ਹੈ, ਜੋ ਕਿ ਕੁੱਲ ਵੋਟਰਾਂ ਦਾ 87.73 ਫ਼ੀਸਦੀ ਬਣਦੀ ਹੈ | ਇਸ ਕਾਰਜ ਲਈ 804 ਬੀ.ਐਲ.ਓਜ, 80 ਸੁਪਰਵਾਈਜ਼ਰ, 4ਈ.ਆਰ.ਓਜ ਅਤੇ 8 ਏ.ਈ.ਆਰ.ਓਜ ਸਮੇਤ ਪੂਰਾ ਚੋਣ ਅਮਲਾ ਲਗਾਇਆ ਗਿਆ ਹੈ | ਹਰੇਕ ਬੀ.ਐਲ.ਓ. ਨੂੰ ਔਸਤ 300 ਘਰ ਅਤੇ 1200 ਵੋਟਰ ਹੀ ਐਸ.ਆਈ.ਆਰ. ਲਈ ਦਿੱਤੇ ਗਏ ਹਨ | ਜ਼ਿਕਰਯੋਗ ਹੈ ਕਿ ਸੋਧੇ ਸ਼ਡਿਊਲ ਅਨੁਸਾਰ ਵੋਟਰ ਸੂਚੀ ਦਾ ਖਰੜਾ 3 ਅਗਸਤ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ | ਵੋਟਰ ਸੂਚੀਆਂ ਸਬੰਧੀ ਇਤਰਾਜ਼ ਅਤੇ ਦਾਅਵੇ 03 ਅਗਸਤ ਤੋਂ 02 ਸਤੰਬਰ 2026 ਤੱਕ ਲਏ ਜਾਣਗੇ | ਇਤਰਾਜ਼ ਅਤੇ ਦਾਅਵਿਆਂ ਦਾ ਨਿਪਟਾਰਾ 03 ਅਗਸਤ ਤੋਂ 28 ਸਤੰਬਰ 2026 ਤੱਕ ਕੀਤਾ ਜਾਵੇਗਾ | ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ 1-10-2026 ਨੂੰ ਕੀਤੀ ਜਾਵੇਗੀ |