ਮੋਗਾ, 6 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਹਲਕਾ ਬਾਘਾ ਪੁਰਾਣਾ ਦੇ ਕਸਬਾ ਸਮਾਲਸਰ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਅੱਠ ਵਿਅਕਤੀਆਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਬਾਘਾ ਪੁਰਾਣਾ ਜਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ | ਸ਼ਾਮਿਲ ਹੋਣ ਵਾਲਿਆਂ ਵਿਚ ਬਲਦੇਵ ਸਿੰਘ ਦੌਲਾ, ਸੁਰਿੰਦਰਜੀਤ ਸਿੰਘ ਫ਼ੌਜੀ, ਜਗਸੀਰ ਸਿੰਘ, ਹਰਜੀਤ ਸਿੰਘ ਖ਼ਾਲਸਾ, ਕਾਲਾ ਸਿੰਘ ਡਰਾਈਵਰ, ਨਛੱਤਰ ਸਿੰਘ ਸੱਤਾ, ਤਾਰਾ ਸਿੰਘ ਤੇ ਅਮਨਦੀਪ ਸਿੰਘ ਪਾਰਟੀ ਵਿਚ ਸ਼ਾਮਿਲ ਹੋਏ | ਪਾਰਟੀ ਵਿਚ ਸ਼ਾਮਿਲ ਕਰਨ ਤੋਂ ਬਾਅਦ ਜਥੇਦਾਰ ਤੀਰਥ ਸਿੰਘ ਮਾਹਲਾ ਵਲੋਂ ਉਨ੍ਹਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ | ਇਸ ਮੌਕੇ ਤੀਰਥ ਸਿੰਘ ਮਾਹਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਵਿਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ ਤੇ ਲੋਕ ਵੱਖ-ਵੱਖ ਪਾਰਟੀਆਂ ਛੱਡ ਕੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਕੇ ਮਾਣ ਮਹਿਸੂਸ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਾਲ 2027 ਦੀਆਂ ਚੋਣਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਲੜੀਆਂ ਜਾਣਗੀਆਂ ਤੇ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਬਣਾਏਗਾ ਤੇ ਸੂਬੇ ਨੂੰ ਅਮਨ ਸ਼ਾਂਤੀ, ਖ਼ੁਸ਼ਹਾਲੀ ਤੇ ਵਿਕਾਸ ਦੀਆਂ ਲੀਹਾਂ 'ਤੇ ਲਿਜਾਇਆ ਜਾਵੇਗਾ ਤੇ ਸੂਬੇ ਦੀ ਅਮਨ ਸ਼ਾਂਤੀ, ਖ਼ੁਸ਼ਹਾਲੀ ਤੇ ਵਿਕਾਸ ਨੂੰ ਢਾਹ ਲਾਉਣ ਵਾਲੀ ਆਪ ਸਰਕਾਰ ਨੂੰ ਲੋਕ ਚੱਲਦਾ ਕਰ ਦੇਣਗੇ | ਇਸ ਮੌਕੇ ਰਣਧੀਰ ਸਿੰਘ ਸਾਬਕਾ ਸਰਪੰਚ, ਹਰਮੇਲ ਸਿੰਘ ਸਾਬਕਾ ਸਰਪੰਚ, ਸੋਹਣ ਸਿੰਘ ਸਾਬਕਾ ਸਰਪੰਚ, ਹਰਨਿੰਦਰ ਸਿੰਘ ਕਾਕਾ ਬਰਾੜ, ਸਰਬਣ ਸਿੰਘ ਸਿੰਘਾਪੁਰੀਆ, ਜਗਸੀਰ ਸਿੰਘ ਸਰਕਲ ਪ੍ਰਧਾਨ, ਬਲਜੀਤ ਸਿੰਘ ਮੈਂਬਰ, ਹੰਸਾ ਸਿੰਘ ਮੈਂਬਰ, ਨੱਥਾ ਸਿੰਘ, ਜਸਵਿੰਦਰ ਸ਼ਰਮਾ, ਸੁਖਮੰਦਰ ਸਿੰਘ ਦੌਲੇਕੇ, ਗੁਰਦੀਪ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਸਾਬਕਾ ਸਰਪੰਚ ਤੋਂ ਇਲਾਵਾ ਵਰਕਰ ਹਾਜ਼ਰ ਸਨ |