ਮੋਗਾ, 6 ਜੂਨ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹੇ ਦੇ ਮੋਹਰੀ ਸਮਾਜਿਕ-ਧਾਰਮਿਕ ਸੰਗਠਨ, ਅਗਰਵਾਲ ਸਭਾ ਮੋਗਾ ਦੇ ਜ਼ਿਲ੍ਹਾ ਚੇਅਰਮੈਨ ਅਤੇ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਨਵੀਨ ਸਿੰਗਲਾ ਨੇ 18 ਅਕਤੂਬਰ 2026 ਨੂੰ ਹੋਣ ਵਾਲੇ ਵਿਸ਼ਾਲ ਪੰਜਾਬ ਮਹਾਰਾਜਾ ਅਗਰਸੈਨ ਜਨਮ ਵਰ੍ਹੇਗੰਢ ਸਮਾਗਮਾਂ ਤੋਂ ਪਹਿਲਾਂ ਇਕ ਬਹੁਤ ਹੀ ਮਹੱਤਵਪੂਰਨ ਅਤੇ ਇਤਿਹਾਸਕ ਮੰਗ ਉਠਾਈ ਹੈ | ਅਗਰਵਾਲ ਸਭਾ ਨੇ ਕੇਂਦਰ ਸਰਕਾਰ ਅਤੇ ਰੇਲਵੇ ਮੰਤਰਾਲੇ ਨੂੰ ਨਵੇਂ ਬਣੇ ਅਤੇ ਮੁਰੰਮਤ ਕੀਤੇ ਗਏ ਮੋਗਾ ਰੇਲਵੇ ਸਟੇਸ਼ਨ ਦਾ ਨਾਂਅ ਮਹਾਰਾਜਾ ਅਗਰਸੈਨ ਰੇਲਵੇ ਸਟੇਸ਼ਨ ਰੱਖਣ ਦੀ ਜ਼ੋਰਦਾਰ ਅਪੀਲ ਕੀਤੀ ਹੈ | ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਨਵੀਨ ਸਿੰਗਲਾ ਨੇ ਕਿਹਾ ਕਿ ਮਹਾਰਾਜਾ ਅਗਰਸੈਨ ਸਮਾਜਿਕ ਸਦਭਾਵਨਾ, ਸਮਾਜਵਾਦ, ਰਾਸ਼ਟਰੀ ਏਕਤਾ ਅਤੇ ਸਮਾਨਤਾ ਦਾ ਅਮਰ ਪ੍ਰਤੀਕ ਹਨ, ਨਾ ਸਿਰਫ਼ ਕਿਸੇ ਇਕ ਭਾਈਚਾਰੇ ਲਈ, ਸਗੋਂ ਸਾਰੀ ਮਨੁੱਖਤਾ ਲਈ | ਉਨ੍ਹਾਂ ਦੁਆਰਾ ਸਥਾਪਿਤ ਇਕ ਰੁਪਿਆ ਅਤੇ ਇਕ ਇੱਟ ਦਾ ਸਿਧਾਂਤ ਅੱਜ ਦੇ ਆਧੁਨਿਕ ਯੁੱਗ ਵਿਚ ਵੀ ਸਮਾਜਵਾਦ ਅਤੇ ਲੋਕ ਭਲਾਈ ਦੀ ਸਭ ਤੋਂ ਵੱਡੀ ਉਦਾਹਰਨ ਬਣਿਆ ਹੋਇਆ ਹੈ, ਜੋ ਸਮਾਜ ਦੇ ਹਰ ਵਰਗ ਨੂੰ ਬਰਾਬਰ ਅਧਿਕਾਰਾਂ ਦੀ ਗਰੰਟੀ ਦਿੰਦਾ ਹੈ | ਨਵੀਨ ਸਿੰਗਲਾ ਨੇ ਸਪਸ਼ਟ ਕੀਤਾ ਕਿ ਇਹ ਮੋਗਾ ਸ਼ਹਿਰ ਦੇ 40 ਹਜ਼ਾਰ ਅਗਰਵਾਲ ਭਾਈਚਾਰੇ ਦੇ ਮੈਂਬਰਾਂ ਅਤੇ ਜ਼ਿਲ੍ਹੇ ਭਰ ਦੇ ਇਕ ਲੱਖ ਤੋਂ ਵੱਧ ਵੋਟਰਾਂ ਦੀ ਦਿਲੀ ਮੰਗ ਹੈ | ਮਹਾਰਾਜਾ ਅਗਰਸੈਨ ਦੇ ਜਨਮ ਦਿਵਸ ਦੇ ਸ਼ੁੱਭ ਮੌਕੇ 'ਤੇ ਅਗਰਵਾਲ ਸਭਾ ਮੋਗਾ ਦੀ ਅਗਵਾਈ ਹੇਠ ਪੰਜਾਬ ਭਰ ਤੋਂ ਹਜ਼ਾਰਾਂ ਅਗਰਵਾਲ ਭਾਈਚਾਰੇ ਦੇ ਅਹੁਦੇਦਾਰ ਅਤੇ ਵਰਕਰ ਮੋਗਾ ਪਹੁੰਚ ਰਹੇ ਹਨ | ਅਜਿਹੇ ਸ਼ੁੱਭ ਮੌਕੇ 'ਤੇ ਮੋਗਾ ਰੇਲਵੇ ਸਟੇਸ਼ਨ ਦਾ ਨਾਂਅ ਮਹਾਰਾਜਾ ਅਗਰਸੈਨ ਦੇ ਨਾਮ 'ਤੇ ਰੱਖਣ ਨਾਲ ਨਾ ਸਿਰਫ਼ ਇਸ ਖੇਤਰ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਹੋਵੇਗਾ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੇ ਮਹਾਨ ਸਿਧਾਂਤਾਂ, ਕੁਰਬਾਨੀ ਅਤੇ ਧਾਰਮਿਕ ਸਦਭਾਵਨਾ ਤੋਂ ਵੀ ਪ੍ਰੇਰਿਤ ਕੀਤਾ ਜਾਵੇਗਾ | ਅਗਰਵਾਲ ਸਭਾ ਪੰਜਾਬ ਨੇ ਇਸ ਮੰਗ ਨੂੰ ਲਾਗੂ ਕਰਨ ਲਈ ਪ੍ਰਧਾਨ ਮੰਤਰੀ ਅਤੇ ਰੇਲਵੇ ਮੰਤਰੀ ਨੂੰ ਇਕ ਮੰਗ ਪੱਤਰ ਭੇਜਣ ਦਾ ਫ਼ੈਸਲਾ ਕੀਤਾ ਹੈ, ਤਾਂ ਜੋ ਆਉਣ ਵਾਲੇ ਸੂਬਾਈ ਜਨਮ ਦਿਵਸ ਸਮਾਗਮਾਂ ਤੋਂ ਪਹਿਲਾਂ ਇਸ ਜਨਤਕ ਇੱਛਾ ਨੂੰ ਪੂਰਾ ਕੀਤਾ ਜਾ ਸਕੇ ਅਤੇ ਮੋਗਾ ਦੇ ਲੋਕਾਂ ਨੂੰ ਇਕ ਇਤਿਹਾਸਕ ਤੋਹਫ਼ਾ ਦਿੱਤਾ ਜਾ ਸਕੇ |