ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ)-ਭਾਰਤ ਚੋਣ ਕਮਿਸ਼ਨ ਵਲੋਂ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ | ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੋਗਾ ਵਿਖੇ ਜ਼ਿਲ੍ਹਾ ਪੱਧਰ 'ਤੇ ਵਿਸ਼ੇਸ਼ ਗਹਿਰਾਈ ਨਾਲ ਸਬੰਧਿਤ ਹਰ ਗਤੀਵਿਧੀ ਲਈ ਸਮਰਪਿਤ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ | ਇਹ ਕਮੇਟੀ ਜ਼ਿਲ੍ਹਾ ਚੋਣ ਅਫ਼ਸਰ ਦੀ ਸਿੱਧੀ ਨਿਗਰਾਨੀ ਅਤੇ ਨਿਯੰਤਰਨ ਹੇਠ ਕੰਮ ਕਰੇਗੀ ਤਾਂ ਜੋ ਵਿਸ਼ੇਸ਼ ਗਹਿਰੀ ਸੁਧਾਈ ਦਾ ਕੰਮ ਸੁਚਾਰੂ, ਪ੍ਰਭਾਵਸ਼ਾਲੀ ਅਤੇ ਸਮੇਂ ਸਿਰ ਸਮਾਪਤ ਕੀਤਾ ਜਾ ਸਕੇ | ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵਲੋਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜ਼ਿਲ੍ਹਾ ਨੋਡਲ ਅਫ਼ਸਰ, ਸਹਾਇਕ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਐਸ.ਆਈ.ਆਰ. ਪ੍ਰੋਗਰਾਮ ਨਾਲ ਸਬੰਧਿਤ ਗਤੀਵਿਧੀਆਂ ਦਾ ਸੁਚਾਰੂ ਸੰਚਾਲਨ ਯਕੀਨੀ ਬਣਾਇਆ ਜਾ ਸਕੇ | ਜਸਪਿੰਦਰ ਸਿੰਘ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਜ) ਮੋਗਾ ਨੂੰ ਸਾਰੇ ਨੋਡਲ ਅਤੇ ਸਹਾਇਕ ਨੋਡਲ ਅਫ਼ਸਰਾਂ ਦਾ ਸਮੁੱਚਾ ਇੰਚਾਰਜ ਨਿਯੁਕਤ ਕੀਤਾ ਜਾਂਦਾ ਹੈ | ਉਹ ਸਾਰੀਆਂ ਗਤੀਵਿਧੀਆਂ ਦੀ ਨਿਯਮਿਤ ਸਮੀਖਿਆ ਕਰਨਗੇ | ਉਨ੍ਹਾਂ ਕਿਹਾ ਕਿ ਸ਼ਿਕਾਇਤ ਨਿਵਾਰਨ ਸੈੱਲ ਦੇ ਨੋਡਲ ਅਫ਼ਸਰ ਸਹਾਇਕ ਕਮਿਸ਼ਨਰ (ਜ) ਸਤਵਿੰਦਰਪਾਲ ਰਣੀਕੇ ਨੂੰ ਲਗਾਇਆ ਗਿਆ ਹੈ | ਨੋਡਲ ਅਫ਼ਸਰ ਐਸ.ਆਈ.ਆਰ. ਦੌਰਾਨ ਪ੍ਰਾਪਤ ਹੋਣ ਵਾਲੀਆਂ ਆਨਲਾਈਨ ਅਤੇ ਆਫ਼ਲਾਈਨ ਸ਼ਿਕਾਇਤਾਂ ਦੀ ਪ੍ਰਾਪਤੀ, ਜਾਂਚ ਅਤੇ ਨਿਵਾਰਨ ਲਈ ਕੰਮ ਕਰਨਗੇ | ਸੈੱਲ ਵਲੋਂ ਪ੍ਰਾਪਤ ਸਾਰੀਆਂ ਸ਼ਿਕਾਇਤਾਂ, ਉਨ੍ਹਾਂ 'ਤੇ ਕੀਤੀ ਕਾਰਵਾਈ ਅਤੇ ਨਿਪਟਾਰੇ ਦੀ ਸਥਿਤੀ ਦਾ ਰਿਕਾਰਡ ਸੰਭਾਲਿਆ ਜਾਵੇਗਾ | ਆਈ.ਟੀ. ਹੈਲਪ ਡੈਸਕ ਅਤੇ ਟਰਬਲ ਸ਼ੂਟ ਟੀਮ ਦੇ ਨੋਡਲ ਅਫ਼ਸਰ ਕੋਮਲ ਦੇਵੀ, ਜ਼ਿਲ੍ਹਾ ਇਨਫਾਰਮੈਟਿਕਸ ਅਫ਼ਸਰ ਮੋਗਾ ਨੂੰ ਬਣਾਇਆ ਗਿਆ ਹੈ | ਜ਼ਿਲ੍ਹਾ ਹੈਲਪ ਡੈਸਕ ਲਈ ਨਿਯੁਕਤ ਨੋਡਲ ਅਫ਼ਸਰ ਸਾਰੇ ਈ.ਆਰ.ਓ. ਅਤੇ ਬੀ.ਐਲ.ਓ. ਨੂੰ ਤੁਰੰਤ ਤਕਨੀਕੀ ਸਹਾਇਤਾ ਅਤੇ ਸਮਰਥਨ ਪ੍ਰਦਾਨ ਕਰਨਗੇ | ਟਰੇਨਿੰਗ ਪ੍ਰਬੰਧਨ ਦੇ ਨੋਡਲ ਅਫ਼ਸਰ ਐਸ.ਡੀ.ਐਮ. ਮੋਗਾ ਨੂੰ ਲਗਾਇਆ ਗਿਆ ਹੈ | ਟਰੇਨਿੰਗ ਲਈ ਨਿਯੁਕਤ ਨੋਡਲ ਅਫ਼ਸਰ ਯੋਜਨਾ ਬਣਾਉਣ, ਤਾਲਮੇਲ ਅਤੇ ਐਸ.ਆਈ.ਆਰ ਨਾਲ ਸਬੰਧਿਤ ਸਿਖਲਾਈ ਪ੍ਰੋਗਰਾਮਾਂ ਦੇ ਪ੍ਰਭਾਵਸ਼ਾਲੀ ਸੰਚਾਲਨ ਲਈ ਜ਼ਿੰਮੇਵਾਰ ਹੋਣਗੇ | ਉਹ ਐਸ.ਆਈ.ਆਰ. ਦੇ ਕੰਮ ਵਿਚ ਲੱਗੇ ਅਧਿਕਾਰੀਆਂ ਅਤੇ ਹੋਰ ਸਬੰਧਿਤ ਕਰਮਚਾਰੀਆਂ ਨੂੰ ਉੱਚ ਗੁਣਵੱਤਾ ਅਤੇ ਮਿਆਰੀ ਸਿਖਲਾਈ ਮੁਹੱਈਆ ਕਰਵਾਉਣਗੇ | ਜ਼ਿਲ੍ਹਾ ਚੋਣ ਅਫ਼ਸਰ ਸਾਗਰ ਸੇਤੀਆ ਨੇ ਦੱਸਿਆ ਕਿ ਮੀਡੀਆ ਮਾਨੀਟਰਿੰਗ ਅਤੇ ਕੋਆਰਡੀਨੇਸ਼ਨ ਟੀਮ ਅਤੇ ਮੀਡੀਆ ਕਵਰੇਜ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੁਲਪ੍ਰੀਤ ਸਿੰਘ ਨੂੰ ਨੋਡਲ ਅਫ਼ਸਰ ਅਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ ਸੁਬੇਗ ਸਿੰਘ ਨੂੰ ਸਹਾਇਕ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ | ਇਹ ਟੀਮ ਪਿ੍ੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਦੀ ਲਗਾਤਾਰ ਨਿਗਰਾਨੀ ਕਰੇਗੀ | ਕਾਨੂੰਨੀ ਸੈੱਲ ਦੇ ਨੋਡਲ ਅਫ਼ਸਰ ਨੀਲਮ ਪਾਠਕ ਜ਼ਿਲ੍ਹਾ ਅਟਾਰਨੀ ਮੋਗਾ ਨੂੰ ਬਣਾਇਆ ਗਿਆ ਹੈ | ਇੱਥੇ ਜ਼ਿਲ੍ਹਾ ਅਤੇ ਈ.ਆਰ.ਓ. ਪੱਧਰ 'ਤੇ ਉੱਠਣ ਵਾਲੇ ਸਾਰੇ ਕਾਨੂੰਨੀ ਮਾਮਲਿਆਂ ਅਤੇ ਅਦਾਲਤੀ ਕੇਸਾਂ ਦਾ ਪ੍ਰਬੰਧਨ ਅਤੇ ਤਾਲਮੇਲ ਕਰਨਗੇ | ਇਸ ਤੋਂ ਇਲਾਵਾ ਐਸ.ਆਈ.ਆਰ. ਲਈ ਤਾਇਨਾਤ ਬੀ.ਐਲ.ਓ. ਅਤੇ ਹੋਰ ਸਟਾਫ਼ ਦੀ ਭਲਾਈ ਅਤੇ ਸੁਵਿਧਾ ਕੇਂਦਰ ਦੇ ਨੋਡਲ ਅਫ਼ਸਰ ਗੁਰਵਿੰਦਰ ਸਿੰਘ ਜੌਹਲ ਕਮਿਸ਼ਨਰ ਨਗਰ ਨਿਗਮ ਮੋਗਾ ਨੂੰ ਬਣਾਇਆ ਗਿਆ ਹੈ |