ਸਮਾਧ ਭਾਈ, 13 ਜੂਨ (ਜਗਰੂਪ ਸਿੰਘ ਸਰੋਆ)-ਪੰਜਾਬ ਦੀ ਨੌਜਵਾਨੀ ਨੂੰ ਚਿੱਟੇ ਤੋਂ ਗ੍ਰਸਤ ਹੋਇਆ ਕਈ ਸਾਲ ਬੀਤ ਗਏ ਅਤੇ ਇਹ ਅਲਾਮਤ ਅਜੇ ਵੀ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਦਾ ਖਹਿੜਾ ਨਹੀਂ ਛੱਡ ਰਹੀ¢ ਭਾਵੇਂ ਕਿ ਹਰ ਪਿੰਡ ਵਿਚ ਚਿੱਟੇ ਨੂੰ ਵੇਚਣ ਅਤੇ ਸੇਵਨ ਕਰਨ ਦੀਆਂ ਖਬਰਾਂ ਸੁਰਖੀਆਂ 'ਚ ਰਹਿੰਦੀਆਂ ਹਨ ਪਰ ਛੋਟੇ-ਮੋਟੇ ਕਾਂਡਾਂ ਨੂੰ ਲੈ ਕੇ ਚਰਚਿਤ ਸਮਾਧ ਭਾਈ ਹੁਣ ਨਸ਼ਾ ਸਮਗਲਰਾਂ ਦੀ ਹਿੱਟ ਲਿਸਟ 'ਤੇ ਹੈ¢ ਪਿਛਲੇ ਕੁਝ ਕੁ ਮਹੀਨਿਆਂ ਤੋਂ ਪਿੰਡ ਦੇ ਹਰ ਮੋੜ 'ਤੇ ਫਿਰਦੇ ਨਸ਼ੇੜੀ ਅਤੇ ਸਿਖਰ ਦੁਪਹਿਰੇ ਜਦੋਂ ਕਿ ਆਮ ਲੋਕ ਸੁੱਤੇ ਪਏ ਹੁੰਦੇ ਹਨ ਤਾਂ ਸਮਾਧ ਭਾਈ ਨੂੰ ਨਸ਼ਾ ਗ੍ਰਸਤ ਕਰਨ ਦੀ ਮਾੜੀ ਮਨਸਾ ਨਾਲ ਗਲੀਆਂ 'ਚ ਨਸ਼ਾ ਤਸਕਰਾਂ ਦੇ ਮੋਟਰਸਾਈਕਲ ਸ਼ੂਕਦੇ ਹਨ¢ ਸਮੱਗਲਰਾਂ ਤੋਂ ਡਰਦੇ ਲੋਕ ਸ਼ਿਕਾਇਤ ਕਰਨ ਤੋਂ ਵੀ ਝਿਜਕਦੇ ਹਨ ਪਰ ਜੇ ਕੋਈ ਪਿੰਡ ਵਾਸੀ ਹਿੰਮਤ ਕਰਕੇ ਕੋਈ ਜਾਣਕਾਰੀ ਦਿੰਦਾ ਹੈ ਤਾਂ ਤਸਕਰਾਂ ਦੀ ਬਜਾਏ ਜਾਣਕਾਰੀ ਦੇਣ ਵਾਲਾ ਵਿਅਕਤੀ ਹੀ ਘਰੋਂ ਡਰ ਡਰ ਨਿਕਲਦਾ¢ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ ਕਿ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਸਮਾਧ ਭਾਈ ਵਿਚੋਂ ਨਸ਼ਾ ਖਤਮ ਕਰਨ ਲਈ ਕਿੰਨੀਆਂ ਕੁ ਸੁਹਿਰਦ ਹਨ¢ ਸੂਤਰਾਂ ਅਨੁਸਾਰ ਸਮਾਧ ਭਾਈ ਵਿਚ ਲਾਗਲੇ 10 ਪਿੰਡਾਂ ਦੇ ਗਰੀਬ ਅਤੇ ਅਮੀਰ ਘਰਾਂ ਦੇ ਕਾਕੇ ਵੀ ਨਸ਼ਾ ਖਰੀਦਣ ਆਉਣ ਲੱਗ ਪਏ ਹਨ ਜਿਸ ਦੀ ਕਿ ਪੁਲਿਸ ਪ੍ਰਸ਼ਾਸਨ ਨੂੰ ਭਿਣਕ ਕਾਹਤੋਂ ਨਹੀਂ ਲੱਗ ਰਹੀ? ਕੀ ਪੁਲਿਸ ਪ੍ਰਸ਼ਾਸਨ ਦਾ ਸੂਹੀਆ ਵਿਭਾਗ ਜਾਂ ਸੀ.ਆਈ.ਡੀ. ਵਿਭਾਗ ਅੱਖਾਂ ਮੀਚ ਕੇ ਸੁੱਤਾ ਹੈ ਕਿ ਜਾਂ ਫਿਰ ਨਸ਼ਾ ਸਮਗਲਰਾਂ ਨੂੰ ਅਜਿਹਾ ਕਰਨ ਦੀ ਲੁਕਵੇਂ ਰੂਪ ਵਿਚ ਆਗਿਆ ਦਿੱਤੀ ਜਾ ਰਹੀ ਹੈ¢ ਪਿੰਡ ਦੇ ਲੋਕ ਭਗਵੰਤ ਮਾਨ ਸਰਕਾਰ, ਸਿਵਲ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਵਲੋਂ ਦਿਖਾਈ ਜਾ ਰਹੀ ਨੀਰਸਤਾ ਤੋਂ ਨਾਖੁਸ਼ ਹਨ ਅਤੇ ਪਿੰਡ ਵਿਚ ਨਸ਼ਾ ਵੇਚਣ ਅਤੇ ਸੇਵਨ ਕਰਨ ਵਾਲਿਆਂ ਦੀ ਗਿਣਤੀ ਦਿਨ ਬ ਦਿਨ ਵਧਦੀ ਜਾ ਰਹੀ ਹੈ¢