19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸੁਖਬੀਰ ਸਿੰਘ ਬਾਦਲ ਗਿੱਦੜਬਾਹਾ ਹਲਕੇ ’ਚ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸਰਗਰਮ

Ad Position 21
No active advertisement
ਅਜੀਤ ਡੈਸਕ 15-06-2026

ਗਿੱਦੜਬਾਹਾ, 14 ਜੂਨ (ਸ਼ਿਵਰਾਜ ਸਿੰਘ ਬਰਾੜ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਗਿੱਦੜਬਾਹਾ ‘ਚ ਰਣਨੀਤੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਸਰਗਰਮੀਆਂ ਵਿੱਢ ਦਿੱਤੀਆਂ ਗਈਆਂ ਹਨ। ਜ਼ਿਲ੍ਹੇ ਭਰ ਵਿਚ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਉਪਰੰਤ ਨਗਰ ਕੌਂਸਲ ਚੋਣਾਂ ਵਿਚ ਅਕਾਲੀ ਦਲ ਦੇ ਵੋਟਰਾਂ ਦੀ ਸ਼੍ਰੋਮਣੀ ਅਕਾਲੀ ਦਲ ਵਿਚ ਵਾਪਸੀ ਨਾਲ ਗਿੱਦੜਬਾਹਾ ਦੀ ਸਿਆਸਤ ‘ਚ ਹੱਲ ਚੱਲ ਵੱਧ ਗਈ ਹੈ। ਜ਼ਿਕਰਯੋਗ ਹੈ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਸਿਆਸੀ ਜੀਵਨ ਹਲਕਾ ਗਿੱਦੜਬਾਹਾ ਤੋਂ ਸ਼ੁਰੁ ਕੀਤਾ ਸੀ। 1995 ‘ਚ ਕਾਂਗਰਸ ਸਰਕਾਰ ਦੌਰਾਨ ਜ਼ਿਮਨੀ ਚੋਣ ਲਈ ਸਵ: ਪ੍ਰਕਾਸ਼ ਸਿੰਘ ਬਾਦਲ ਵਲੋਂ ਇਕ ਭਰਵੇਂ ਇਕੱਠ ਵਿਚ ਕਿਹਾ ਕਿ ਉਹ ਹਲਕੇ ਦੀ ਵਾਂਗਡੋਰ ਮਨਪ੍ਰੀਤ ਸਿੰਘ ਬਾਦਲ ਨੂੰ ਸੌਂਪ ਰਹੇ ਹਨ। ਮਨਪ੍ਰੀਤ ਸਿੰਘ ਬਾਦਲ ਹਲਕਾ ਗਿੱਦੜਬਾਹਾ ਤੋਂ ਚਾਰ ਵਾਰ ਵਿਧਾਇਕ ਰਹੇ। ਮਨਪ੍ਰੀਤ ਸਿੰਘ ਬਾਦਲ ਵਲੋਂ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਲਗਾਇਆ ਗਿਆ। 2024 ‘ਚ ਗਿੱਦੜਬਾਹਾ ਦੀ ਜ਼ਿਮਨੀ ਚੋਣ ਦੌਰਾਨ ਹਰਦੀਪ ਸਿੰਘ ਡਿੰਪੀ ਢਿੱਲੋ ‘ਆਪ’ ਪਾਰਟੀ ਵਿਚ ਸ਼ਾਮਿਲ ਹੁੰਦਿਆਂ ਉਨ੍ਹਾਂ ਪਾਰਟੀ ਟਿਕਟ ਮਿਲ ਗਈ। ਗਿੱਦੜਬਾਹਾ ਸ਼੍ਰੋਮਣੀ ਅਕਾਲੀ ਦਲ ਨੇ ਜਿਮਨੀ ਚੋਣ ਨਾ ਲੜਨ ਦਾ ਫ਼ੈਸਲਾ ਲਿਆ ਅਤੇ ਸੁਭਾਵਿਕ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਮੁੱਚਾ ਵੋਟ ਬੈਂਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਨਾਲ ਖੜ੍ਹ ਗਿਆ ਅਤੇ ਉਹ ਚੋਣ ਜਿੱਤ ਗਏ। ਚਰਚਾ ਇਹ ਉਠਦੀ ਰਹੀ ਕਿ ਹਲਕਾ ਗਿੱਦੜਬਾਹਾ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਪੈਰ ਜਮਾਉਣੇ �ਖੇ ਹੋ ਜਾਣਗੇ। ਤਾਜ਼ਾ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਉਪਰੰਤ ਨਗਰ ਕੌਂਸਲ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਗਿੱਦੜਬਾਹਾ ਹਲਕੇ ‘ਚ ਲੰਮੇ ਸਮੇਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਲੋਂ ਜਥੇਬੰਦਕ ਢਾਂਚਾ ਖੜ੍ਹਾ ਕਰਦਿਆਂ ਟਕਸਾਲੀ ਅਕਾਲੀ ਆਗੂਆਂ ਨੂੰ ਲਿਆ ਗਿਆ ਹੈ। ਜ਼ਿਮਨੀ ਚੋਣ ਵਿਚ ‘ਆਪ’ ਦਾ ਸਾਥ ਦੇਣ ਉਪਰੰਤ ਹੁਣ ਅਕਾਲੀ ਵੋਟ ਬੈਂਕ ਫਿਰ ਤੋਂ ਵਾਪਸ ਆਉਂਦਾ ਦਿਖਾਈ ਦੇ ਰਿਹਾ ਹੈ। ਸੁਖਬੀਰ ਸਿੰਘ ਬਾਦਲ ਵਲੋਂ ਪਿੰਡ ਭੂੰਦੜ ਵਿਖੇ ਪਾਰਟੀ ਆਗੂਆਂ ਨਾਲ ਕੀਤੀ ਗਈ ਮੀਟਿੰਗ ਵਿਚ ਕਿਹਾ ਕਿ ਹਲਕਾ ਗਿੱਦੜਬਾਹਾ ਉਨ੍ਹਾਂ ਦਾ ਆਪਣਾ ਪਰਿਵਾਰ ਹੈ ਅਤੇ ਇਸ ਹਲਕੇ ਨੂੰ ਦੁਬਾਰਾ ਪਹਿਲਾਂ ਵਾਲੀਆਂ ਲੀਹਾਂ ‘ਤੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਆਪ ਹਲਕੇ ਦੀ ਪਲ-ਪਲ ਦੀ ਸਾਰ ਲੈ ਰਹੇ ਹਨ ਅਤੇ ਕਿਸੇ ਵੀ ਵਰਕਰ ਨੂੰ ਆਂਚ ਨਹੀ ਆਉਣ ਦਿੱਤੀ ਜਾਵੇਗੀ। ਪਾਰਟੀ ਆਗੂਆਂ ਨੂੰ ਹਦਾਇਤਾਂ ਕਰਦਿਆਂ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪੁਚਾਉਣ। ਇਸ ਮੌਕੇ ਜ਼ਿਲ੍ਹਾ ਜਥੇਦਾਰ ਕੰਵਲਜੀਤ ਸਿੰਘ ਰੋਜ਼ੀ ਬਰਕੰਦੀ, ਗੁਰਵਿੰਦਰ ਸਿੰਘ ਬਣਵਾਲਾ ਹਲਕਾ ਇੰਚਾਰਜ, ਚਰਨਜੀਤ ਸਿੰਘ, ਬੀਬੀ ਗੁਰਦਿਆਲ ਕੌਰ ਮੱਲਣ, ਵਕੀਲ ਗੁਰਮੀਤ ਸਿੰਘ ਮਾਨ, ਬਲਵਿੰਦਰ ਸਿੰਘ, ਭਗਵਾਨ ਸਿੰਘ, ਸਵਰਨ ਸਿੰਘ, ਗੁਰਦੇਵ ਸਿੰਘ, ਕਾਲਾ ਕੌਣੀ, ਬਲਵੰਤ ਸਿੰਘ, ਵਿਸ਼ਵਜੀਤ ਸਿੰੰਘ ਜਿੰਮੀ ਸੁਖਨਾ ਪ੍ਰਧਾਨ ਯੂਥ ਵਿੰਗ ਹਲਕਾ ਗਿੱਦੜਬਾਹਾ, ਗੁਰਲਾਲ ਸਿੰਘ, ਰਾਜਨ ਗਰਗ। ਹੇਮ ਰਾਜ, ਪਵਨ ਬਾਂਸਲ, ਸੁਨੀਲ ਕੁਮਾਰ, ਸੁੱਖਾ ਪੰਚ, ਅਜੈਪਾਲ ਸਿੰਘ, ਤਰਨਜੀਤ ਸਿੰਘ ਮੰਗਾ, ਵਰਿੰਦਰ ਸਿੰਘ ਹਲਕਾ ਇੰਚਾਰਜ ਬੀ.ਸੀ ਵਿੰਗ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਅਕਾਲੀ ਵਰਕਰ ਹਾਜ਼ਰ ਸਨ।

 

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸੁਖਾਨੰਦ ਵਿਖੇ ‘ਪਿਤਾ ਦਿਵਸ’ ਮਨਾਇਆ ਅਗਲੀ ਖ਼ਬਰ ਪਿੰਡ ਮੱਲ੍ਹਾਂ ਤੋਂ ਭਗਤਾ ਭਾਈ ਕਾ ਨੂੰ ਪਹੁੰਚਦੀ ਸੰਪਰਕ ਸੜਕ ਦੀ ਹਾਲਤ ਖਸਤਾ
Ad Position 24