ਠੱਠੀ ਭਾਈ, 14 ਜੂਨ (ਜਗਰੂਪ ਸਿੰਘ ਮਠਾੜੂ)-ਸੰਤ ਬਾਬਾ ਕੁਲਵੰਤ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸੁਖਾਨੰਦ ਵਿਖੇ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਮੋਗਾ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਪਰਿਵਾਰਿਕ ਸਾਂਝ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ‘ਪਿਤਾ ਦਿਵਸ’ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਵਲੋਂ ਆਪਣੇ ਪਿਤਾ ਪ੍ਰਤੀ ਪਿਆਰ ਅਤੇ ਸਤਿਕਾਰ ਨੂੰ ਪ੍ਰਗਟ ਕਰਦੇ ਹੋਏ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਵਿਦਿਆਰਥੀਆਂ ਨੇ ਪਿਤਾ ਦੀ ਅਹਿਮੀਅਤ ਨੂੰ ਦਰਸਾਉਂਦੇ ਹੋਏ ਕਵਿਤਾਵਾਂ, ਗੀਤ ਅਤੇ ਕੋਰੀ�ਗ੍ਰਾਫ਼ੀ ਪੇਸ਼ ਕਰਕੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ। ਸਕੂਲ ਦੇ ਪ੍ਰਿੰਸੀਪਲ ਡਾ. ਗੁਰਜੀਤ ਕੌਰ ਅਤੇ ਮੈਡਮ ਇੰਦਰਵੀਰ ਕੌਰ ਵਲੋਂ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਕ ਬੱਚੇ ਦੇ ਜੀਵਨ ਵਿਚ ਪਿਤਾ ਦਾ ਰੋਲ ਇਕ ਮਜ਼ਬੂਤ ਰੁੱਖ ਵਰਗਾ ਹੁੰਦਾ ਹੈ ਜੋ ਖ਼ੁਦ ਧੁੱਪ-ਛਾਂ ਸਹਿ ਕੇ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਪ੍ਰੋਗਰਾਮ ਦੇ ਅਖੀਰ ਵਿਚ ਡੇਰਾ ਭੋਰੇ ਵਾਲਾ ਦੇ ਮੁੱਖ ਸੇਵਾਦਾਰ ਬਾਬਾ ਜਗਦੇਵ ਸਿੰਘ ਜੱਗਾ, ਪ੍ਰਬੰਧਕੀ ਕਮੇਟੀ ਮੈਂਬਰ ਚਰਨਜੀਤ ਸਿੰਘ ਗੱਬੀ, ਚਰਨਜੀਤ ਸਿੰਘ ਸਿੱਧੂ, ਦਿਆ ਸਿੰਘ, ਸੁਖਦੇਵ ਸਿੰਘ, ਜੱਸਾ ਸਿੰਘ ਬਰਾੜ, ਅਜਮੇਰ ਸਿੰਘ ਵਲੋਂ ਸਾਰੇ ਹੀ ਵਿਦਿਆਰਥੀਆਂ ਨੂੰ ਪਿਤਾ ਦਿਵਸ ਦੀ ਲੱਖ-ਲੱਖ ਵਧਾਈ ਦਿੰਦੇ ਹੋਏ ਕਿਹਾ ਗਿਆ ਕਿ ਬੱਚੇ ਦੀ ਜ਼ਿੰਦਗੀ ਵਿਚ ਪਿਤਾ ਦਾ ਸਥਾਨ ਬਹੁਤ ਉੱਚਾ ਹੈ ਕਿਉਂਕਿ ਉਹ ਸਾਰਾ ਦਿਨ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ, ਸੋ ਉਨ੍ਹਾਂ ਨੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਹਮੇਸ਼ਾ ਆਪਣੇ ਮਾਪਿਆਂ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਨੇ ਦੱਸੇ ਨੇਕ ਰਸਤੇ ਤੇ ਚੱਲਣ। ਪ੍ਰੋਗਰਾਮ ਵਿਚ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਵੀ ਸ਼ਾਮਿਲ ਰਹੇ।