ਮੋਗਾ, 20 ਜੂਨ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ-2 ਦੀ ਮੀਟਿੰਗ ਬਲਾਕ ਪ੍ਰਧਾਨ ਇਕਬਾਲ ਸਿੰਘ ਸਿੰਘਾਂਵਾਲਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਡਰੋਲੀ ਭਾਈ ਵਿਖੇ ਹੋਈ ਜਿਸ ਵਿਚ ਜ਼ਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਦੱਸਿਆ ਕਿ ਅਮਰੀਕਾ ਵਲੋਂ ਦੇਸ਼ ਦੇ ਥੋਪੇ ਜਾ ਰਹੇ ਵਪਾਰ ਸਮਝੌਤੇ ਖ਼ਿਲਾਫ਼, ਈਰਾਨ ਤੇ ਅਮਰੀਕੀ ਸਾਮਰਾਜੀ ਹਮਲੇ ਦੇ ਖ਼ਿਲਾਫ਼ ਅਤੇ ਇਸ ਹਮਲੇ ਕਾਰਨ ਲੋਕਾਂ ‘ਚ ਮਹਿੰਗਾਈ ਦੇ ਰੂਪ ਵਿਚ ਪੈ ਰਹੇ ਵੱਡੇ ਭਾਰ ਦੇ ਖ਼ਿਲਾਫ਼ ਜੋ ਦੋ ਕਿਸਾਨ ਜਥੇਬੰਦੀਆਂ ਵਲੋਂ 4 ਜੁਲਾਈ ਨੂੰ ਚੰਡੀਗੜ੍ਹ ਵਿਚ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਇਸ ਦੀ ਤਿਆਰੀ ਲਈ ਅੱਜ ਮੀਟਿੰਗ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਹਕੂਮਤ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਖ਼ਿਲਾਫ਼ 4 ਜੁਲਾਈ ਨੂੰ ਰੋਸ ਧਰਨਾ ਤੇ ਮੁਜ਼ਾਹਰਾ ਕਰ ਕੇ ਮੰਗ ਕੀਤੀ ਜਾਵੇਗੀ ਕਿ ਦੇਸ਼ ਅੰਦਰ ਖਾਦਾਂ, ਜ਼ਰੂਰੀ ਵਸਤਾਂ, ਪੈਟਰੋਲ ਦੀਆਂ ਕੀਮਤਾਂ ਵਿਚ ਅਥਾਹ ਵਾਧਾ ਕਰ ਕੇ ਲੋਕਾਂ ‘ਤੇ ਮਹਿੰਗਾਈ ਦਾ ਭਾਰੀ ਬੋਝ ਪਾਇਆ ਜਾ ਰਿਹਾ, ਖਾਦਾਂ ਦੇ ਮਸਲੇ ਵਿਚ ਵਿਦੇਸ਼ੀ ਮੁਲਕਾਂ ‘ਤੇ ਬਣੀ ਹੋਈ ਨਿਰਭਰਤਾ ਕਾਰਨ ਖਾਦਾਂ ਦੀ ਭਾਰੀ ਤੋਟ ਪੈਦਾ ਹੋ ਰਹੀ ਹੈ ਜਿਸ ਕਾਰਨ ਫ਼ਸਲਾਂ ਦੇ ਉਤਪਾਦਨ ‘ਤੇ ਅਸਰ ਪੈਣ ਦਾ ਖ਼ਤਰਾ ਮੰਡਰਾ ਰਿਹਾ ਹੈ। ਮੀਟਿੰਗ ਵਿਚ ਫ਼ੈਸਲਾ ਕੀਤਾ ਕਿ 4 ਜੁਲਾਈ ਨੂੰ ਚੰਡੀਗੜ੍ਹ ਵਿਚ ਹੋ ਰਹੇ ਰੋਸ ਮੁਜ਼ਾਹਰੇ ਵਿਚ ਵੱਡੀ ਗਿਣਤੀ ਕਿਸਾਨ ਨੌਜਵਾਨ ਅਤੇ ਭੈਣਾਂ ਸ਼ਾਮਿਲ ਹੋਣਗੀਆਂ। ਮੀਟਿੰਗ ਵਿਚ ਉਪਰੋਕਤ ਤੋਂ ਬਿਨਾਂ ਜਸਵਿੰਦਰ ਸਿੰਘ ਘੱਲ ਕਲਾਂ, ਗੁਰਚਰਨ ਸਿੰਘ ਗੋਧੇਵਾਲਾ, ਜਗਜੀਤ ਸਿੰਘ, ਗੁਰਮਿੰਦਰ ਸਿੰਘ, ਬੇਅੰਤ ਸਿੰਘ ਵੱਡਾ ਘਰ, ਤਰਲੋਚਨ ਸਿੰਘ ਵੱਡਾ ਘਰ, ਗੁਰਚਰਨ ਸਿੰਘ, ਅਰਮਾਨ ਸਿੰਘ, ਬਲਵਿੰਦਰ ਸਿੰਘ, ਗੁਰਜੰਟ ਸਿੰਘ, ਅੰਗਰੇਜ਼ ਸਿੰਘ, ਬਲਦੇਵ ਸਿੰਘ, ਨਛੱਤਰ ਸਿੰਘ, ਬਾਬੂ ਸਿੰਘ ਡਰੋਲੀ ਭਾਈ, ਜਗਤਾਰ ਸਿੰਘ, ਬਲਵੰਤ ਸਿੰਘ ਡਰੋਲੀ ਭਾਈ, ਨਛੱਤਰ ਸਿੰਘ, ਮੁਖ਼ਤਿਆਰ ਸਿੰਘ, ਕਪਤਾਨ ਸਿੰਘ ਦੁੱਨੇਕੇ, ਮਾਘ ਸਿੰਘ, ਬਲਵਿੰਦਰ ਸਿੰਘ, ਜੰਗੀਰ ਸਿੰਘ, ਜਗਦੇਵ ਸਿੰਘ, ਮਹਿੰਦਰ ਸਿੰਘ, ਮੇਜਰ ਸਿੰਘ, ਕਸ਼ਮੀਰ ਸਿੰਘ, ਸਵਿੰਦਰ ਸਿੰਘ, ਬਖਤੌਰ ਸਿੰਘ ਆਦਿ ਆਗੂ ਸ਼ਾਮਿਲ ਸਨ।