ਮੋਗਾ, 27 ਜੂਨ (ਗੁਰਤੇਜ ਸਿੰਘ ਬੱਬੀ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮੌਕੇ ਸਿਹਤ ਵਿਭਾਗ ਮੋਗਾ ਵਲੋਂ ਜ਼ਿਲ੍ਹੇ ਭਰ ਵਿਚ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਇਸੇ ਲੜੀ ਤਹਿਤ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਇਸ ਦੀ ਰੋਕਥਾਮ ਅਤੇ ਨਸ਼ਾ ਮੁਕਤੀ ਸੇਵਾਵਾਂ ਬਾਰੇ ਜਾਗਰੂਕ ਕਰਨ ਲਈ ਵਿਸ਼ਾਲ ਜਾਗਰੂਕਤਾ ਰੈਲੀ ਕੱਢੀ ਗਈ| ਜਿਸ ਨੂੰ ਸਿਵਲ ਸਰਜਨ ਮੋਗਾ ਡਾ. ਅਸ਼ੋਕ ਕੁਮਾਰ ਸਿੰਗਲਾ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਅਸ਼ੋਕ ਕੁਮਾਰ ਸਿੰਗਲਾ ਨੇ ਕਿਹਾ ਕਿ ਨਸ਼ਾ ਗੰਭੀਰ ਸਮਾਜਿਕ ਅਤੇ ਸਿਹਤ ਸਮੱਸਿਆ ਹੈ ਜੋ ਵਿਅਕਤੀ ਦੀ ਸਰੀਰਕ ਸਿਹਤ, ਮਾਨਸਿਕ ਸਥਿਤੀ, ਪਰਿਵਾਰਕ ਜੀਵਨ ਅਤੇ ਸਮਾਜਿਕ ਵਿਕਾਸ ਨੂੰ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਤੋਂ ਬਚਾਅ ਲਈ ਨੌਜਵਾਨਾਂ ਨੂੰ ਸਹੀ ਜਾਣਕਾਰੀ, ਸਕਾਰਾਤਮਿਕ ਸੋਚ ਅਤੇ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ ਹੈ। ਡਾ. ਗੌਰਵਪ੍ਰੀਤ ਸਿੰਘ ਸੋਢੀ ਡੀ.ਐਮ.ਸੀ. ਮੋਗਾ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਸਿਰਫ ਇਲਾਜ ਹੀ ਨਹੀਂ ਸਗੋਂ ਲੋਕ ਜਾਗਰੂਕਤਾ, ਪਰਿਵਾਰਕ ਸਹਿਯੋਗ ਅਤੇ ਸਮਾਜ ਦੀ ਭਾਗੀਦਾਰੀ ਵੀ ਬਹੁਤ ਮਹੱਤਵਪੂਰਨ ਹੈ। ਇਸ ਮੌਕੇ ਡਾ. ਚਰਨਪ੍ਰੀਤ ਸਿੰਘ, ਮਨੋਰੋਗ ਮਾਹਿਰ ਵਲੋਂ ਹਾਜ਼ਰੀਨ ਨੂੰ ਨਸ਼ਾ ਮੁਕਤ ਭਾਰਤ ਸੰਬੰਧੀ ਸਹੁੰ ਚੁਕਵਾਈ ਗਈ। ਜਾਗਰੂਕਤਾ ਰੈਲੀ ਦੌਰਾਨ ਨਰਸਿੰਗ ਵਿਦਿਆਰਥੀਆਂ ਵਲੋਂ ਨਸ਼ਿਆਂ ਵਿਰੁੱਧ ਨਾਅਰੇ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਰੈਲੀ ਦੌਰਾਨ ਲੋਕਾਂ ਨੂੰ ਨਸ਼ਿਆਂ ਕਾਰਨ ਹੋਣ ਵਾਲੀਆਂ ਬਿਮਾਰੀਆਂ, ਮਾਨਸਿਕ ਸਿਹਤ ਸਮੱਸਿਆਵਾਂ, ਪਰਿਵਾਰਕ ਪ੍ਰਭਾਵਾਂ ਅਤੇ ਨਸ਼ਾ ਛੱਡਣ ਲਈ ਉਪਲਬਧ ਸਰਕਾਰੀ ਸਿਹਤ ਸੇਵਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਰੀਤੂ ਜੈਨ ਜ਼ਿਲ੍ਹਾ ਟੀਕਾਕਰਨ ਅਫਸਰ ਮੋਗਾ, ਹਰਜਿੰਦਰ ਕੌਰ ਬੀ.ਈ.ਈ., ਅੰਕੁਸ਼ ਕੁਮਾਰ ਜ਼ਿਲ੍ਹਾ ਕੋਆਰਡੀਨੇਟਰ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ |