ਬੱਧਨੀ ਕਲਾਂ, 1 ਜੁਲਾਈ (ਸੰਜੀਵ ਕੋਛੜ)-ਸਬ ਡਵੀਜ਼ਨ ਬੱਧਨੀ ਕਲਾਂ ਦੇ ਕਾਮਿਆਂ ਦੇ ਗ਼ੁੱਸੇ ਦਾ ਲਾਵਾ ਉਸ ਸਮੇਂ ਫੁੱਟਦਾ ਨਜ਼ਰ ਆਇਆ ਜਦੋਂ ਸਬ ਡਵੀਜ਼ਨ ਬੱਧਨੀ ਕਲਾਂ ਦੇ ਐਸ.ਡੀ.ਓ. ਇੰਜ: ਜਗਰੂਪ ਸਿੰਘ ਦੀ ਬਦਲੀ ਕਰ ਦਿੱਤੀ ਗਈ, ਬੱਧਨੀ ਕਲਾਂ ਦੇ ਐਸ.ਡੀ.ਓ. ਇੰਜ. ਜਗਰੂਪ ਸਿੰਘ ਦੀ ਬਦਲੀ ਦੇ ਵਿਰੋਧ ਵਿਚ ਸਮੂਹ ਬਿਜਲੀ ਕਾਮਿਆਂ ਵਲੋਂ ਬੱਧਨੀ ਕਲਾਂ ਵਿਖੇ ਭਰਵੀਂ ਰੋਸ ਰੈਲੀ ਕੀਤੀ ਗਈ। ਰੈਲੀ ਵਿਚ ਸਬ ਅਰਬਨ ਮੰਡਲ ਮੋਗਾ ਅਧੀਨ ਵੱਖ-ਵੱਖ ਸਬ ਡਵੀਜ਼ਨਾਂ ਤੋਂ ਵੱਡੀ ਗਿਣਤੀ ਵਿਚ ਬਿਜਲੀ ਕਰਮਚਾਰੀਆਂ ਨੇ ਸ਼ਮੂਲੀਅਤ ਕਰਦਿਆਂ ਪ੍ਰਬੰਧਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਸਿਆਸੀ ਤੌਰ ’ਤੇ ਕੀਤੀ ਗਈ ਬਦਲੀ ਦੇ ਹੁਕਮ ਤੁਰੰਤ ਰੱਦ ਕਰਨ ਦੀ ਮੰਗ ਉਠਾਈ। ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਸੇਵਕ ਸਿੰਘ, ਸਰਕਲ ਆਗੂ ਇੰਜ: ਜਗਰੂਪ ਸਿੰਘ, ਡਵੀਜ਼ਨ ਪ੍ਰਧਾਨ ਗੁਰਮੀਤ ਸਿੰਘ, ਡਵੀਜ਼ਨ ਸਕੱਤਰ ਕੰਵਲਜੀਤ ਸਿੰਘ, ਸਬ ਡਵੀਜ਼ਨ ਪ੍ਰਧਾਨ ਗੁਰਦੀਪ ਸਿੰਘ, ਬੰਤਾ ਸਿੰਘ, ਬਲਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਦੀਪ ਸਿੰਘ ਫੈਡਰੇਸ਼ਨ,ਰਵਿੰਦਰ ਕੁਮਾਰ, ਪਵਨਦੀਪ ਸਿੰਘ (ਨੱਥੂਵਾਲਾ ਜਦੀਦ), ਆਈ.ਟੀ.ਆਈ. ਐਸੋਸੀਏਸ਼ਨ ਦੇ ਆਗੂ ਇਕਬਾਲ ਸਿੰਘ, ਸਾਬਕਾ ਡਵੀਜ਼ਨ ਆਗੂ ਮੱਖਣ ਸਿੰਘ, ਮੋਗਾ ਦੇ ਸਾਬਕਾ ਆਗੂ ਗੁਰਚਰਨ ਸਿੰਘ, ਅਮਰਜੀਤ ਸਿੰਘ ਅਤੇ ਪਾਵਰਕੌਮ ਠੇਕਾ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਬੇਅੰਤ ਸਿੰਘ ਨੇ ਕਿਹਾ ਕਿ ਇੰਜ: ਜਗਰੂਪ ਸਿੰਘ ਦੀ ਬਦਲੀ ਕਥਿਤ ਸਿਆਸੀ ਦਖ਼ਲਅੰਦਾਜ਼ੀ ਦਾ ਨਤੀਜਾ ਹੈ, ਜਿਸ ਕਾਰਨ ਸਮੂਹ ਬਿਜਲੀ ਕਾਮਿਆਂ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੇ ਤਬਾਦਲੇ ਸਿਰਫ਼ ਪ੍ਰਸ਼ਾਸਨਿਕ ਨਿਯਮਾਂ ਅਤੇ ਪਾਰਦਰਸ਼ੀ ਨੀਤੀ ਅਨੁਸਾਰ ਹੀ ਹੋਣੇ ਚਾਹੀਦੇ ਹਨ ਬੁਲਾਰਿਆਂ ਨੇ ਕਿਹਾ ਕਿ ਜੇਕਰ ਕਿਸੇ ਵੀ ਮੁਲਾਜ਼ਮ ਨਾਲ ਧੱਕੇਸ਼ਾਹੀ ਜਾਂ ਵਿਤਕਰਾ ਕੀਤਾ ਗਿਆ ਤਾਂ ਸਮੂਹ ਬਿਜਲੀ ਕਾਮੇ ਇਕਜੁੱਟ ਹੋ ਕੇ ਡਟਵਾਂ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹੇ ਫ਼ੈਸਲੇ ਵਿਭਾਗ ਦੇ ਕੰਮਕਾਜ ਅਤੇ ਮੁਲਾਜ਼ਮਾਂ ਦੇ ਮਨੋਬਲ ਨੂੰ ਪ੍ਰਭਾਵਿਤ ਕਰਦੇ ਹਨ। ਉਨ੍ਹਾਂ ਸੂਬਾ ਸਰਕਾਰ ਅਤੇ ਪੀ.ਐਸ.ਪੀ.ਸੀ.ਐਲ. ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਇੰਜ: ਜਗਰੂਪ ਸਿੰਘ ਦੀ ਬਦਲੀ ਦੇ ਹੁਕਮ ਤੁਰੰਤ ਰੱਦ ਕਰਕੇ ਇਨਸਾਫ ਕੀਤਾ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਬੰਧਨ ਨੇ ਜਲਦੀ ਇਸ ਮਾਮਲੇ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਸਬ ਡਵੀਜ਼ਨ, ਡਵੀਜ਼ਨ, ਸਰਕਲ ਅਤੇ ਸੂਬਾ ਪੱਧਰ ਤੱਕ ਹੋਰ ਵੀ ਵਧੇਰੇ ਤਿੱਖਾ ਕੀਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਪਾਵਰਕੌਮ ਪ੍ਰਬੰਧਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਰੈਲੀ ਵਿਚ ਸਬ ਅਰਬਨ ਮੰਡਲ ਮੋਗਾ ਦੀਆਂ ਵੱਖ-ਵੱਖ ਸਬ ਡਵੀਜ਼ਨਾਂ ਤੋਂ ਵੱਡੀ ਗਿਣਤੀ ਵਿਚ ਬਿਜਲੀ ਕਾਮੇ ਸ਼ਾਮਲ ਹੋਏ। ਸਮੂਹ ਮੁਲਾਜ਼ਮਾਂ ਨੇ ਇਕਜੁੱਟ ਹੋ ਕੇ ਮੁਲਾਜ਼ਮ ਏਕਤਾ ਦਾ ਪ੍ਰਗਟਾਵਾ ਕੀਤਾ ਅਤੇ ਐਲਾਨ ਕੀਤਾ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਅਤੇ ਬਦਲੀ ਦੇ ਹੁਕਮ ਵਾਪਸ ਨਹੀਂ ਲਏ ਜਾਂਦੇ ਉਦੋਂ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ।
ਸਬ-ਡਵੀਜ਼ਨ ਬੱਧਨੀ ਕਲਾਂ ਦੇ ਐਸ.ਡੀ.ਓ. ਇੰਜ. ਜਗਰੂਪ ਸਿੰਘ ਦੀ ਬਦਲੀ ਖ਼ਿਲਾਫ਼ ਬਿਜਲੀ ਕਾਮਿਆਂ ਦੇ ਗ਼ੁੱਸੇ ਦਾ ਲਾਵਾ ਫੁੱਟਿਆ
ਅਜੀਤ ਡੈਸਕ
02-07-2026