ਨੱਥੂਵਾਲਾ ਗਰਬੀ, 1 ਜੁਲਾਈ (ਨਵਦੀਪ ਸਿੰਘ)-ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਿੰਡ ਭਲੂਰ ਵਿਖੇ ਲੋਕ ਮਿਲਣੀ ਸਮਾਗਮ ਕਰਵਾਇਆ ਗਿਆ ਸੀ। ਪਰ ਉਹ ਲੋਕ ਮਿਲਣੀ ਨਾ ਹੋ ਕੇ ਸਿਰਫ਼ ਵਿਰੋਧੀ ਪਾਰਟੀਆਂ ਵਿਰੁੱਧ ਟਿੱਪਣੀ ਸਮਾਗਮ ਹੀ ਹੋ ਨਿਬੜਿਆ। ਇਹ ਪ੍ਰਗਟਾਵਾ ਸੀਨੀ: ਕਾਂਗਰਸੀ ਆਗੂ ਤੇ ਸਾਬਕਾ ਚੇਅਰਮੈਨ ਜਗਸੀਰ ਸਿੰਘ ਕਾਲੇਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਸੱਥਾਂ ‘ਚ ਹੋ ਰਹੀਆਂ ਲੋਕ ਮਿਲਣੀਆਂ ਇਕ ਕਾਮੇਡੀ ਸ਼ੋਅ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਹਨ ਕਿਉਂਕਿ ਇਨ੍ਹਾਂ ਲੋਕ ਮਿਲਣੀਆਂ ਸਮੇਂ ਸਾਡੇ ਅੰਨ ਦਾਤਾ ਕਿਸਾਨਾਂ ਮਜ਼ਦੂਰਾਂ ਨੂੰ ਕੁੱਟਿਆ ਜਾਂਦਾ ਹੈ ਅਤੇ ਅੰਮ੍ਰਿਤਧਾਰੀ ਬਜ਼ੁਰਗ ਕਿਸਾਨਾਂ ਦੀਆਂ ਦਸਤਾਰਾਂ ਪੈਰਾਂ ਵਿਚ ਰੁਲਦੀਆਂ ਨਜ਼ਰ ਆਉਂਦੀਆਂ ਹਨ ਅਤੇ ਸਾਨੂੰ ਸਿੱਖਿਆ ਦੇਣ ਵਾਲੇ ਅਧਿਆਪਕ ਭੈਣ ਭਰਾਵਾਂ ਨੂੰ ਘਰਾਂ ਵਿਚ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ। ਕਾਲੇਕੇ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਪਿੰਡਾਂ ਦੀਆਂ ਸੱਥਾਂ ਵਿਚ ਖੜ ਕੇ ਆਪਣੇ ਭਾਸ਼ਣ ਵਿਚ ਪੰਜਾਬ ਦਾ ਕੋਈ ਇਕ ਵੀ ਮੁੱਦਾ ਨਹੀਂ ਛੂਹਿਆ ਜਾ ਰਿਹਾ ਬਲ ਕਿ ਮੁੱਖ ਮੰਤਰੀ ਵਲੋਂ ਆਪਣੇ ਭਾਸ਼ਣ ਦੌਰਾਨ ਸਾਰਥਿਕ ਭਾਸ਼ਾ ਅਤੇ ਸ਼ੈਲੀ ਤੋਂ ਹੇਠਾਂ ਜਾ ਕੇ ਪੰਜਾਬ ਦੀਆਂ ਵੱਡੀਆਂ ਸਿਆਸੀ ਪਾਰਟੀਆਂ ਦੇ ਸਤਿਕਾਰਯੋਗ ਆਗੂਆਂ ਪ੍ਰਤੀ ਮਾੜੇ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਲੋਕਾਂ ਦੇ ਮਨਾਂ ਵਿਚ ਈਰਖਾ ਦਾ ਬੀਜ ਬੀਜਿਆ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਇਸ ਨੀਤੀ ਤੇ ਬਾਖ਼ੂਬੀ ਪਹਿਰਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਏਰੀਏ ਵਿਚ ਮੁੱਖ ਮੰਤਰੀ ਨੇ ਜਾਣਾ ਹੁੰਦਾ ਹੈ ਉਸ ਏਰੀਏ ਵਿਚ ਹਫ਼ਤਾ ਪਹਿਲਾਂ ਹੀ ਬਿਜਲੀ ਦੇ ਕੱਟ ਬੰਦ ਕਰ ਦਿੱਤੇ ਜਾਂਦੇ ਹਨ ਤੇ ਉਸ ਏਰੀਏ ਵਿਚ ਸਮਾਗਮ ਹੋਣ ਤੋਂ ਬਾਅਦ ਬਿਜਲੀ ਘਟਾ ਕੇ ਚਾਰ ਘੰਟੇ ਕਰ ਦਿੱਤੀ ਜਾਂਦੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੇ ਸੀਨੀ: ਆਗੂ ਸੁਖਪ੍ਰੀਤ ਸਿੰਘ ਸੁੱਖਾ (ਸੈਕਟਰੀ ਪੰਜਾਬ ਕਾਂਗਰਸ), ਬਲਾਕ ਪ੍ਰਧਾਨ ਗੁਰਤੇਜ ਸਿੰਘ ਨੱਥੂਵਾਲਾ, ਜੱਗਾ ਸਿੰਘ ਕਾਲੇਕੇ, ਕਾਕਾ ਸਿੰਘ ਆਲਮ ਵਾਲਾ, ਸ਼ਸ਼ੀ ਐਮ.ਸੀ., ਦੀਪਾ ਅਰੋੜਾ, ਸੁਖਦੀਪ ਸਿੰਘ ਸੀਪਾ ਰਾਜੇਆਣਾ, ਗਗਨ ਸਰਪੰਚ ਨਿਗਾਹਾ ਅਤੇ ਹੋਰ ਕਈ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
ਭਲੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੁਟਕਲੇ ਸੁਣਾ ਕੇ ਕੀਤਾ ਲੋਕਾਂ ਦਾ ਮਨੋਰੰਜਨ-ਕਾਲੇਕੇ
ਅਜੀਤ ਡੈਸਕ
02-07-2026