ਮੋਗਾ, 1 ਜੁਲਾਈ (ਸੁਰਿੰਦਰਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਵਲੋਂ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਦੇ ਉਦੇਸ਼ ਨਾਲ ਮੋਗਾ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਲਈ ਸੂਬਾ ਪੱਧਰੀ ਸੀਨੀਅਰ ਆਗੂਆਂ ਨੂੰ ਵਿਸ਼ੇਸ਼ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਦੌਰਾਨ ਪਾਰਟੀ ਹਾਈਕਮਾਂਡ ਵਲੋਂ ਦਿੱਤੇ ਗਏ ਪ੍ਰੋਗਰਾਮਾਂ ਅਤੇ ਵੱਖ-ਵੱਖ ਸੰਗਠਨਾਤਮਿਕ ਗਤੀਵਿਧੀਆਂ ਦੀ ਸਮੀਖਿਆ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮੋਗਾ ਜ਼ਿਲ੍ਹੇ ਦੇ ਕੁਝ ਸਰਕਲ ਅਜੇ ਵੀ ਪੂਰੀ ਤਰ੍ਹਾਂ ਮਜ਼ਬੂਤ ਨਹੀਂ ਹਨ। ਉਨ੍ਹਾਂ ਕਿਹਾ ਕਿ ਕਈ ਮੌਕਿਆਂ ‘ਤੇ ਪਾਰਟੀ ਦੇ ਪ੍ਰੋਗਰਾਮ ਸਰਕਲ ਅਤੇ ਬੂਥ ਪੱਧਰ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਪਹੁੰਚਦੇ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਮੀਟਿੰਗਾਂ ਵਿਚ ਵੀ ਕਈ ਸਰਕਲ ਪ੍ਰਧਾਨਾਂ ਦੀ ਗ਼ੈਰ-ਹਾਜ਼ਰੀ ਸੰਗਠਨ ਲਈ ਚਿੰਤਾ ਦਾ ਵਿਸ਼ਾ ਹੈ। ਡਾ. ਹਰਜੋਤ ਕਮਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਅਸਲ ਤਾਕਤ ਬੂਥ ਪੱਧਰ ‘ਤੇ ਮਜ਼ਬੂਤ ਸੰਗਠਨ ਵਿਚ ਹੈ ਅਤੇ ਪਾਰਟੀ ਹਮੇਸ਼ਾ ਬੂਥ ਜਿੱਤਿਆ ਤਾਂ ਚੋਣ ਜਿੱਤੀ ਦੇ ਸੰਕਲਪ ਨਾਲ ਅੱਗੇ ਵਧਦੀ ਹੈ। ਇਸੇ ਉਦੇਸ਼ ਨੂੰ ਧਿਆਨ ਵਿਚ ਰੱਖਦਿਆਂ ਚਾਰੇ ਵਿਧਾਨ ਸਭਾ ਹਲਕਿਆਂ ਵਿਚ ਸੰਗਠਨ ਨੂੰ ਸਰਗਰਮ ਅਤੇ ਮਜ਼ਬੂਤ ਬਣਾਉਣ ਲਈ ਹੇਠ ਲਿਖੇ ਸੀਨੀਅਰ ਆਗੂਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਸ ਵਿਚ ਹਲਕਾ ਮੋਗਾ ਦੀ ਜ਼ਿੰਮੇਵਾਰੀ ਰਾਕੇਸ਼ ਸ਼ਰਮਾ ਸਟੇਟ ਕਾਰਜਕਾਰਨੀ ਮੈਂਬਰ ਪੰਜਾਬ, ਹਲਕਾ ਧਰਮਕੋਟ ਦੀ ਜ਼ਿੰਮੇਵਾਰੀ ਬੋਹੜ ਸਿੰਘ ਸੂਬਾ ਜਨਰਲ ਸਕੱਤਰ ਕਿਸਾਨ ਮੋਰਚਾ, ਹਲਕਾ ਨਿਹਾਲ ਸਿੰਘ ਵਾਲਾ ਦੀ ਜ਼ਿੰਮੇਵਾਰੀ ਹਰਮਨਦੀਪ ਸਿੰਘ ਮੀਤਾ ਸੂਬਾ ਵਾਈਸ ਪ੍ਰਧਾਨ ਕਾਲਜ ਆਊਟਰੀਚ ਅਤੇ ਹਲਕਾ ਬਾਘਾ ਪੁਰਾਣਾ ਦੀ ਜ਼ਿੰਮੇਵਾਰੀ ਮਨਿੰਦਰ ਕੌਰ ਸੂਬਾ ਵਾਈਸ ਪ੍ਰਧਾਨ ਮਹਿਲਾ ਮੋਰਚਾ ਪੰਜਾਬ ਨੂੰ ਸੌਂਪੀ ਗਈ ਹੈ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਪਾਰਟੀ ਹਾਈਕਮਾਂਡ ਦੀ ਸੋਚ ਅਨੁਸਾਰ ਉਕਤ ਸੀਨੀਅਰ ਆਗੂ ਆਪਣੇ-ਆਪਣੇ ਹਲਕਿਆਂ ਦੇ ਕਨਵੀਨਰਾਂ ਨਾਲ ਤਾਲਮੇਲ ਕਰਦੇ ਹੋਏ ਸੰਗਠਨਾਤਮਿਕ ਢਾਂਚੇ ਨੂੰ ਹੋਰ ਮਜ਼ਬੂਤ ਕਰਨਗੇ। ਇਸ ਤਹਿਤ ਹਲਕਾ ਮੋਗਾ ਤੋਂ ਜ਼ਿਲ੍ਹਾ ਜਰਨਲ ਸਕੱਤਰ ਰਾਜਪਾਲ ਠਾਕੁਰ, ਹਲਕਾ ਨਿਹਾਲ ਸਿੰਘ ਵਾਲਾ ਦੇ ਮੁਖ਼ਤਿਆਰ ਸਿੰਘ (ਰਿਟਾਇਰਡ ਐਸ.ਪੀ.), ਹਲਕਾ ਬਾਘਾ ਪੁਰਾਣਾ ਦੇ ਸੁਖਨੰਦਰ ਅਗਰਵਾਲ ਅਤੇ ਹਲਕਾ ਧਰਮਕੋਟ ਦੇ ਸ਼ਮਸ਼ੇਰ ਸਿੰਘ ਕੈਲਾ ਨਾਲ ਮਿਲ ਕੇ ਪਾਰਟੀ ਵਲੋਂ ਭੇਜੇ ਗਏ ਪ੍ਰੋਫਾਰਮੇ ਭਰਵਾਏ ਜਾਣਗੇ ਤਾਂ ਜੋ ਸਰਕਲ, ਸਬ ਸਰਕਲ ਅਤੇ ਬੂਥ ਪੱਧਰ ਤੱਕ ਸੰਗਠਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮਜ਼ਬੂਤ ਕੀਤਾ ਜਾ ਸਕੇ। ਡਾ. ਹਰਜੋਤ ਕਮਲ ਨੇ ਕਿਹਾ ਕਿ ਇਹ ਜ਼ਿੰਮੇਵਾਰੀਆਂ ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ, ਸਗੋਂ ਪਾਰਟੀ ਦੇ ਸੰਗਠਨ ਨੂੰ ਜੜ੍ਹਾਂ ਤੱਕ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸੌਂਪੀਆਂ ਗਈਆਂ ਹਨ ਅਤੇ ਇਸ ਗੱਲ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਕਿ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਅਨੁਸਾਰ ਹਲਕਾ ਇੰਚਾਰਜ ਦਾ ਕੋਈ ਅਹੁਦਾ ਨਹੀਂ ਹੈ ਸੋ ਇਸ ਤਰ੍ਹਾਂ ਦੇ ਸ਼ਬਦਾਂ ਦਾ ਪ੍ਰਯੋਗ ਨਾ ਕੀਤਾ ਜਾਵੇ। ਉਨ੍ਹਾਂ ਨੇ ਉਮੀਦ ਜਤਾਈ ਕਿ ਸਾਰੇ ਸੀਨੀਅਰ ਆਗੂ ਆਪਣੇ ਤਜਰਬੇ, ਸੰਗਠਨਾਤਮਿਕ ਯੋਗਤਾ, ਮਿਹਨਤ ਅਤੇ ਸਮਰਪਣ ਨਾਲ ਸਰਕਲ ਤੋਂ ਬੂਥ ਪੱਧਰ ਦੀਆਂ ਟੀਮਾਂ ਦਾ ਨਿਰਮਾਣ ਕਰਦੇ ਹੋਏ ਆਉਣ ਵਾਲੀਆਂ ਚੋਣਾਂ ਲਈ ਭਾਜਪਾ ਨੂੰ ਹੋਰ ਮਜ਼ਬੂਤ ਅਤੇ ਸੰਗਠਿਤ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੇ।
ਭਾਜਪਾ ਨੇ ਮੋਗਾ ਦੇ ਚਾਰੇ ਵਿਧਾਨ ਸਭਾ ਹਲਕਿਆਂ ਦੀ ਸੰਗਠਨਾਤਮਿਕ ਮਜ਼ਬੂਤੀ ਲਈ ਸੌਂਪੀਆਂ ਜ਼ਿੰਮੇਵਾਰੀਆਂ
ਅਜੀਤ ਡੈਸਕ
02-07-2026