ਕਿਸ਼ਨਪੁਰਾ ਕਲਾਂ, 1 ਜੁਲਾਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਵਿਖੇ ਪੀਰ ਬਾਬਾ ਬਸੰਤ ਅਲੀ ਸ਼ਾਹ ਖ਼ਾਨਗਾਹ ਵਾਲਿਆਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਸਭਿਆਚਾਰਕ ਮੇਲਾ ਅਤੇ ਭੰਡਾਰਾ ਗੱਦੀ ਨਸ਼ੀਨ ਬਾਬਾ ਨੇਕ ਸ਼ਾਹ ਦੀ ਰਹਿਨੁਮਾਈ ਹੇਠ ਬਾਬਾ ਬਸੰਤ ਅਲੀ ਸ਼ਾਹ ਸਭਿਆਚਾਰਕ ਮੰਚ, ਸੰਤ ਵਿਸਾਖਾ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ, ਐਨ.ਆਰ.ਆਈ. ਵੀਰਾਂ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਧਾਰਮਿਕ ਸਮਾਗਮ ਦੀ ਸ਼ੁਰੂਆਤ ਗੱਦੀ ਨਸ਼ੀਨ ਬਾਬਾ ਨੇਕ ਸ਼ਾਹ ਵਲੋਂ ਪੀਰ ਬਾਬਾ ਬਸੰਤ ਅਲੀ ਸ਼ਾਹ ਦੀ ਦਰਗਾਹ ‘ਤੇ ਚਾਦਰ ਚੜ੍ਹਾ ਕੇ ਕੀਤੀ ਗਈ। ਇਸ ਉਪਰੰਤ ਸਭਿਆਚਾਰਕ ਸਟੇਜ ਦੀ ਸ਼ੁਰੂਆਤ ਗਾਇਕ ਦੇਵ ਸਫਰੀ ਕਿਸ਼ਨਪੁਰਾ ਆਦਿ ਨੇ ਧਾਰਮਿਕ ਗੀਤ ਗਾ ਕੇ ਕੀਤੀ। ਮੇਲੇ ਚ ਕਮੇਡੀ ਕਲਾਕਾਰ ਅਵਤਾਰ ਅਤੇ ਕੁਲਵਿੰਦਰ ਨੇ ਹਾਸ ਰਸ ਟੋਟਕਿਆਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਉਪਰੰਤ ਬੁਲੰਦ ਆਵਾਜ਼ ਪੰਜਾਬੀ ਗਾਇਕ ਰਿਆਜ਼ ਖਾਨ ਨੇ ਆਪਣੇ ਚਰਚਿਤ ਗੀਤ ਗਾ ਕੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਅਖੀਰ ਵਿਚ ਵਾਰੀ ਆਈ ਪੰਜਾਬ ਦੇ ਪ੍ਰਸਿੱਧ ਗਾਇਕ ਬਾਈ ਅਮਰਜੀਤ, ਦਵਿੰਦਰ ਦਿਉਲ ਨੇ ਧਾਰਮਿਕ ਗੀਤ ਤੋਂ ਇਲਾਵਾ ਆਪਣੇ ਹੋਰ ਵੀ ਚਰਚਿਤ ਗੀਤ ਦਰਸ਼ਕਾਂ ਨੂੰ ਸਾਹ ਰੋਕ ਕੇ ਸੁਣਨ ਲਈ ਮਜਬੂਰ ਕਰ ਦਿੱਤਾ। ਅੰਤ ਵਿਚ ਬਾਬਾ ਨੇਕ ਸ਼ਾਹ ਤੇ ਪ੍ਰਬੰਧਕਾਂ ਵਲੋਂ ਪਹੁੰਚੇ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਕਾ ਲੰਗਰ, ਚਾਹ ਪਕੌੜਿਆਂ ਦੇ ਭੰਡਾਰੇ ਅਤੁੱਟ ਵਰਤਾਇਆ ਗਿਆ ਅਤੇ ਪ੍ਰਬੰਧਕਾਂ ਵਲੋਂ ਆਈਆਂ ਸੰਗਤਾਂ ਲਈ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ ਸਨ। ਇਸ ਮੇਲੇ ਦੌਰਾਨ ਸਰਪੰਚ, ਪੰਚ, ਪ੍ਰਧਾਨ, ਨਗਰ ਨਿਵਾਸੀ ਵੱਖ-ਵੱਖ ਪਿੰਡਾਂ ਤੋਂ ਆਏ ਨੌਜਵਾਨ ਅਤੇ ਵੱਡੀ ਗਿਣਤੀ ਵਿਚ ਸਰੋਤਿਆਂ ਨੇ ਆਪਣੀ ਹਾਜ਼ਰੀ ਲਗਵਾਈ।
ਕਿਸ਼ਨਪੁਰਾ ਕਲਾਂ ਵਿਖੇ ਸੱਭਿਆਚਾਰਕ ਮੇਲਾ ਤੇ ਭੰਡਾਰਾ ਕਰਵਾਇਆ
ਅਜੀਤ ਡੈਸਕ
02-07-2026