ਮੋਗਾ, 6 ਜੁਲਾਈ (ਸੁਰਿੰਦਰਪਾਲ ਸਿੰਘ)-ਮਹਿੰਦਰ ਸਾਥੀ ਯਾਦਗਾਰੀ ਮੰਚ ਮੋਗਾ ਵਲੋਂ ਸਥਾਨਕ ਡੀ.ਐਮ. ਕਾਲਜ ਵਿਚ ਰਾਸ਼ਟਰੀ ਪੱਧਰ ਦਾ ਵਿਸ਼ਾਲ ਕਵੀ ਦਰਬਾਰ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪੰਜਾਬੀ ਦੇ ਨਾਮਵਰ ਸ਼ਾਇਰ ਤੇ ਸਾਹਿਤ ਅਕਾਦਮੀ ਅਵਾਰਡ ਪ੍ਰਾਪਤ ਕਰਤਾ ਦਰਸ਼ਨ ਸਿੰਘ ਬੁੱਟਰ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਵਿਅੰਗਕਾਰ ਕੇ.ਐਲ. ਗਰਗ, ਮੰਚ ਦੇ ਸਰਪ੍ਰਸਤ ਕਹਾਣੀਕਾਰ ਗੁਰਮੀਤ ਕੜਿਆਲਵੀ, ਨੌਜਵਾਨ ਸ਼ਾਇਰ ਵਾਹਿਦ, ਚਿੰਤਕ ਸੁਖਜਿੰਦਰ ਫ਼ਿਰੋਜ਼ਪੁਰ ਅਤੇ ਆਲੋਚਕ ਡਾ. ਸੁਰਜੀਤ ਬਰਾੜ ਨੇ ਕੀਤੀ। ਸਮਾਗਮ ਵਿਚ ਪੰਜਾਬੀ ਦੀ ਯੁਵਾ ਕਵਿੱਤਰੀ ਰੂਹੀ ਸਿੰਘ ਨੂੰ ਮਹਿੰਦਰ ਸਾਥੀ ਯੁਵਾ ਕਾਵਿ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਰੂਹੀ ਸਿੰਘ ਬਾਰੇ ਸਨਮਾਨ ਪੱਤਰ ਮੰਚ ਦੀ ਸੀਨੀਅਰ ਮੀਤ ਪ੍ਰਧਾਨ ਅਮਰਪ੍ਰੀਤ ਕੌਰ ਸੰਘਾ ਨੇ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਰੂਹੀ ਸਿੰਘ ਆਪਣੀ ਸ਼ਾਇਰੀ ਨਾਲ ਸਮਕਾਲੀ ਰਾਜਨੀਤਕ ਤੇ ਸਮਾਜਿਕ ਵਿਵਸਥਾ ਉੱਪਰ ਤਿੱਖਾ ਵਿਅੰਗ ਕਰਦੀ ਹੈ। ਉਸ ਦੀ ਸ਼ਾਇਰੀ ਸਮਾਜਿਕ ਸਰੋਕਾਰਾਂ ਨਾਲ ਜੁੜੀ ਹੋਣ ਕਰ ਕੇ ਅਰਥ ਭਰਪੂਰ ਵੀ ਹੈ ਤੇ ਸਮੇਂ ਦੇ ਹਾਣ ਦੀ ਵੀ ਹੈ। ਰੂਹੀ ਸਿੰਘ ਨੇ ਆਪਣੇ ਭਾਵਪੂਰਤ ਸ਼ੇਅਰਾਂ ਨਾਲ ਭਰਵੀਂ ਹਾਜ਼ਰੀ ਲਵਾਈ। ਪੰਜਾਬੀ ਦੇ ਸਮਰੱਥ ਗਲਪਕਾਰ ਤੇ ਨਾਬਰ, ਵਿਗੋਚਾ, ਭਗੌੜਾ ਵਰਗੇ ਨਾਵਲਾਂ ਦੇ ਰਚਨਕਾਰ ਜਰਨੈਲ ਸਿੰਘ ਸੇਖਾ ਦੇ ਨਾਂਅ ‘ਤੇ ਦਿੱਤਾ ਜਾਂਦਾ ਜਰਨੈਲ ਸਿੰਘ ਸੇਖਾ ਗਲਪ ਪੁਰਸਕਾਰ ਪੰਜਾਬੀ ਦੇ ਚਰਚਿਤ ਨੌਜਵਾਨ ਕਹਾਣੀਕਾਰ ਅਲਫ਼ਾਜ਼ ਨੂੰ ਪ੍ਰਦਾਨ ਕੀਤਾ ਗਿਆ। ਪੰਜਾਬੀ ਕਹਾਣੀਕਾਰ ਜਸਵਿੰਦਰ ਧਰਮਕੋਟ ਨੇ ਕਹਾਣੀਕਾਰ ਅਲਫ਼ਾਜ਼ ਬਾਰੇ ਸਨਮਾਨ ਪੱਤਰ ਪੇਸ਼ ਕਰਦਿਆਂ ਕਿਹਾ ਕਿ ਆਪਣੀ ਪਹਿਲੀ ਹੀ ਪੁਸਤਕ ਛਲਾਵਿਆਂ ਦੀ ਰੁੱਤ ਰਾਹੀਂ ਅਲਫ਼ਾਜ਼ ਨੇ ਪੰਜਾਬੀ ਕਹਾਣੀ ਵਿਚ ਆਪਣਾ ਜ਼ਿਕਰਯੋਗ ਸਥਾਨ ਬਣਾਇਆ ਹੈ। ਅਲਫ਼ਾਜ਼ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਸੰਖੇਪ ਪਰ ਭਾਵਪੂਰਤ ਗੱਲਾਂ ਕੀਤੀਆਂ। ਸਮਾਗਮ ਦੇ ਮੁੱਖ ਮਹਿਮਾਨ ਦਰਸ਼ਨ ਬੁੱਟਰ ਵਲੋਂ ਨਵੇਂ ਸ਼ਾਇਰਾਂ ਨੂੰ ਸੰਬੋਧਨ ਹੁੰਦਿਆਂ ਬੜੀਆਂ ਸਾਰਥਿਕ ਗੱਲਾਂ ਕੀਤੀਆਂ। ਉਨ੍ਹਾਂ ਕਿਹਾ ਕਿ ਕਵਿਤਾ ਲਿਖਣਾ ਸਾਧਨਾ ਹੈ ਜਿਸ ਲਈ ਸਹਿਜਤਾ ਤੇ ਲਗਨ ਦੀ ਸਖ਼ਤ ਜ਼ਰੂਰਤ ਹੁੰਦੀ ਹੈ। ਇਸ ਵਿਚ ਕਾਹਲ ਦੀ ਗੁੰਜਾਇਸ਼ ਨਹੀਂ ਹੁੰਦੀ। ਨਾਮਵਰ ਲੇਖਕ ਕੇ.ਐਲ. ਗਰਗ ਨੇ ਮਹਿੰਦਰ ਸਾਥੀ ਮੰਚ ਵਲੋਂ ਹਰ ਸਾਲ ਕਰਵਾਏ ਜਾਂਦੇ ਸਾਹਿਤਕ ਸਮਾਗਮਾਂ ਦੀ ਭਰਪੂਰ ਸ਼ਲਾਘਾ ਕੀਤੀ। ਆਲੋਚਕ ਡਾ. ਸੁਰਜੀਤ ਬਰਾੜ ਨੇ ਮਹਿੰਦਰ ਸਾਥੀ ਦੀ ਕਾਵਿ ਚੇਤਨਾ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ। ਪ੍ਰਧਾਨਗੀ ਮੰਡਲ ‘ਚ ਬਿਰਾਜਮਾਨ ਉੱਘੇ ਨੌਜਵਾਨ ਚਿੰਤਕ ਸੁਖਜਿੰਦਰ ਫ਼ਿਰੋਜ਼ਪੁਰ ਨੇ ਇਨਕਲਾਬੀ ਸ਼ਾਇਰਾਂ ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ ਅਤੇ ਮਹਿੰਦਰ ਸਾਥੀ ਦੇ ਹਵਾਲੇ ਨਾਲ ਅਜੋਕੇ ਸਮੇਂ ਵਿਚ ਉਨ੍ਹਾਂ ਦੀ ਵਿਚਾਰਧਾਰਾ ਨੂੰ ਅੱਗੇ ਤੋਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਗੁਰਮੀਤ ਕੜਿਆਲਵੀ ਨੇ ਮੰਚ ਦੀਆਂ ਪ੍ਰਾਪਤੀਆਂ ਦੀ ਚਰਚਾ ਕੀਤੀ। ਮੀਤ ਪ੍ਰਧਾਨ ਧਾਮੀ ਗਿੱਲ ਨੇ ਸਾਥੀ ਬਾਰੇ ਨਜ਼ਮ ਪੇਸ਼ ਕੀਤੀ। ਇਸ ਮੌਕੇ ਗੁਰਪ੍ਰੀਤ ਧਰਮਕੋਟ ਦੀ ਸੰਚਾਲਨਾ ਅਧੀਨ ਹੋਏ ਰਾਸ਼ਟਰੀ ਯੁਵਾ ਕਵੀ ਦਰਬਾਰ ਵਿਚ ਬਟਾਲਾ ਤੋਂ ਆਏ ਸ਼ਾਇਰ ਸੁਰਿੰਦਰ ਸਿੰਘ ਬਟਾਲਾ ਅਤੇ ਕੇਵਲ ਕ੍ਰਾਂਤੀ ਨੇ ਆਪਣੀਆਂ ਤਰੰਨਮ ਭਰਪੂਰ ਗ਼ਜ਼ਲਾਂ ਨਾਲ ਸਮਾਗਮ ਨੂੰ ਸਿਖ਼ਰਾਂ ‘ਤੇ ਪਹੁੰਚਾ ਦਿੱਤਾ। ਰਾਜਬੀਰ ਮੱਤਾ, ਗਗਨਦੀਪ ਸਿੰਘ ਦੀਪ, ਮਨਦੀਪ ਕੌਰ ਰਤਨ, ਰਣਧੀਰ, ਵੈਤਰਨੀ ਪੁਸਤਕ ਦੇ ਲੇਖਕ ਨੌਜਵਾਨ ਕਵੀ ਸੁਰਖ਼ਾਬ, ਹਰਮਨ ਸੂਫ਼ੀ, ਜਸਵੰਤ ਕੜਿਆਲ ਨੇ ਵੀ ਭਾਵਪੂਰਤ ਸ਼ਾਇਰੀ ਪੇਸ਼ ਕੀਤੀ। ਹਰਪ੍ਰੀਤ ਮੋਗਾ ਨੇ ਮਹਿੰਦਰ ਸਾਥੀ ਦੀ ਗ਼ਜ਼ਲ ਨਾਲ ਮਾਹੌਲ ਨੂੰ ਪੂਰੀ ਤਰ੍ਹਾਂ ਕਾਵਿਕ ਬਣਾ ਦਿੱਤਾ। ਦਰਸ਼ਨ ਸੰਘਾ, ਪਿਆਰਾ ਸਿੰਘ ਚਾਹਲ ਦੀਆਂ ਤਰੰਨਮ ਭਰਪੂਰ ਰਚਨਾਵਾਂ ਨੇ ਵੀ ਭਰਪੂਰ ਪਿਆਰ ਲਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਗਾ ਡਾ. ਅਜੀਤਪਾਲ ਸਿੰਘ ਜਟਾਣਾ, ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਮਨਜੀਤ ਪੁਰੀ, ਨਾਮਵਰ ਸ਼ਾਇਰ ਹਰਮੀਤ ਵਿਦਿਆਰਥੀ, ਮੰਚ ਦੇ ਸੀਨੀਅਰ ਆਗੂ ਗੁਰਦੀਪ ਲੋਪੋ, ਫ਼ਿਲਮ ਅਦਾਕਾਰ ਤੀਰਥ ਚੜਿੱਕ, ਨਾਮਵਰ ਅਦਾਕਾਰ ਸੁਖਦੇਵ ਲੱਧੜ, ਸੋਨੀ ਮੋਗਾ, ਸਰਬਜੀਤ ਕੌਰ ਮਾਹਲਾ, ਸਿਮਰਜੀਤ ਕੌਰ ਸਿੰਮੀ, ਅਮਨਦੀਪ ਕੌਰ ਡਗਰੂ, ਪ੍ਰਵੀਨ ਕੌਰ, ਪਰਮਿੰਦਰ ਕੌਰ, ਹਰਜੀਤ ਕੌਰ ਗਿੱਲ, ਕਰਮਜੀਤ ਕੌਰ ਲੰਢੇਕੇ, ਅਮਨਪ੍ਰੀਤ ਕੌਰ, ਡਾ. ਸਰਬਜੀਤ ਕੌਰ ਬਰਾੜ, ਮਨਦੀਪ ਕੌਰ ਨਸੀਰੇਵਾਲਾ, ਸਿਮਰਜੀਤ ਕੌਰ ਗਿੱਲ, ਬਬਲੀ ਮੋਗਾ, ਹਰਚੰਦ ਭਿੰਡਰ, ਕੈਪਟਨ ਜਸਵੰਤ ਪੰਡੋਰੀ, ਸੁਖਦੇਵ ਭੱਟੀ ਫ਼ਿਰੋਜ਼ਪੁਰ, ਕਹਾਣੀਕਾਰ ਜਸਬੀਰ ਕਲਸੀ, ਗਿਆਨ ਸਿੰਘ ਰਿਟਾ. ਡੀ.ਪੀ.ਆਰ.ਓ., ਗੋਲੂ ਕਾਲੇਕੇ, ਜਸਵਿੰਦਰ ਗਲੋਟੀ, ਸੁਖਰਾਜ ਜ਼ੀਰਾ, ਨਾਟਕਕਾਰ ਮੋਹੀ ਅਮਰਜੀਤ, ਦਿਲਬਾਗ ਸਿੰਘ ਬੁੱਕਣ ਵਾਲਾ, ਸਪਨਦੀਪ ਸ਼ਰਮਾ, ਸਵਰਨ ਦਾਸ ਤਲਵੰਡੀ, ਡਾ. ਪਵਨ ਕੁਮਾਰ, ਪ੍ਰਤਾਪ ਹੀਰਾ, ਹਰਚਰਨ ਚੋਹਲਾ, ਖੇਤਪਾਲ ਦੀਪ, ਗੁਰਮੀਤ ਸਿੰਘ ਹਮੀਰਗੜ੍ਹ, ਗੁਰਮੀਤ ਸਿੰਘ ਪੱਤਰਕਾਰ ਅਤੇ ਸੁਖਮੰਦਰ ਕੌਰ ਮੋਗਾ ਸਮੇਤ ਬਹੁਤ ਸਾਰੇ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।