ਮੋਗਾ, 7 ਜੁਲਾਈ (ਸੁਰਿੰਦਰਪਾਲ ਸਿੰਘ)-ਆਧੁਨਿਕ ਤਕਨਾਲੋਜੀ ਨੇ ਜਿੱਥੇ ਜੀਵਨ ਨੂੰ ਸੁਖਾਲਾ ਬਣਾਇਆ ਹੈ, ਉੱਥੇ ਹੀ ਬੱਚਿਆਂ ਵਿਚ ਮੋਬਾਈਲ ਫ਼ੋਨ ਦੀ ਵੱਧ ਰਹੀ ਲਤ ਮਾਪਿਆਂ ਅਤੇ ਅਧਿਆਪਕਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਇਸੇ ਨੂੰ ਧਿਆਨ ਵਿਚ ਰੱਖਦਿਆਂ ਡਾ. ਸੈਫੁਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮੋਗਾ ਦੀ ਪ੍ਰਾਇਮਰੀ ਵਿੰਗ ਵਿਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਡਿਜੀਟਲ ਅਨੁਸ਼ਾਸਨ ਅਤੇ ਮੋਬਾਈਲ ਦੀ ਸੰਤੁਲਿਤ ਵਰਤੋਂ ਵਿਸ਼ੇ ‘ਤੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਡਾਇਰੈਕਟਰ ਸੁਨੀਤਾ ਗਰਗ ਦੀ ਰਹਿਨੁਮਾਈ ਅਤੇ ਪ੍ਰਾਇਮਰੀ ਵਿੰਗ ਦੀ ਹੈੱਡ ਮਿਸਟ੍ਰੈੱਸ ਰੂਹੀ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੂੰ ਦਿਲਚਸਪ ਉਦਾਹਰਨਾਂ, ਸਵਾਲ-ਜਵਾਬ, ਪ੍ਰੇਰਨਾਦਾਇਕ ਗੱਲਬਾਤ ਅਤੇ ਰੋਜ਼ਾਨਾ ਜੀਵਨ ਨਾਲ ਜੁੜੇ ਤਜਰਬਿਆਂ ਰਾਹੀਂ ਸਮਝਾਇਆ ਗਿਆ ਕਿ ਮੋਬਾਈਲ ਫ਼ੋਨ ਇਕ ਲਾਭਦਾਇਕ ਸਾਧਨ ਹੈ, ਪਰ ਇਸ ਦੀ ਬੇਲੋੜੀ ਅਤੇ ਬੇਕਾਬੂ ਵਰਤੋਂ ਬੱਚਿਆਂ ਦੇ ਸਰੀਰਕ, ਮਾਨਸਿਕ, ਸਮਾਜਿਕ ਅਤੇ ਸਿੱਖਿਅਕ ਵਿਕਾਸ ‘ਤੇ ਨਕਾਰਾਤਮਿਕ ਅਸਰ ਪਾ ਸਕਦੀ ਹੈ। ਹੈੱਡ ਮਿਸਟ੍ਰੈੱਸ ਰੂਹੀ ਸਿੰਘ ਨੇ ਕਿਹਾ ਕਿ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦਾ ਸਮਾਂ ਬੱਚਿਆਂ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਅਤੇ ਬੁਨਿਆਦੀ ਪੜਾਅ ਹੁੰਦਾ ਹੈ। ਇਸ ਉਮਰ ਵਿਚ ਪੈਣ ਵਾਲੀਆਂ ਆਦਤਾਂ ਹੀ ਭਵਿੱਖ ਵਿਚ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਨਿਰਧਾਰਿਤ ਕਰਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਦੋਸਤੀ ਕਰਨ, ਖੇਡਾਂ, ਕਹਾਣੀਆਂ, ਚਿੱਤਰਕਲਾ, ਸੰਗੀਤ, ਯੋਗ ਅਤੇ ਹੋਰ ਰਚਨਾਤਮਿਕ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਮੋਬਾਈਲ ਦੀ ਲਗਾਤਾਰ ਵਰਤੋਂ ਨਾਲ ਅੱਖਾਂ ਦੀ ਰੌਸ਼ਨੀ ਪ੍ਰਭਾਵਿਤ ਹੋ ਸਕਦੀ ਹੈ। ਇਸ ਮੌਕੇ ਸਕੂਲ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਬੱਚਿਆਂ ਨੂੰ ਤਕਨਾਲੋਜੀ ਤੋਂ ਪੂਰੀ ਤਰ੍ਹਾਂ ਦੂਰ ਰੱਖਣਾ ਸੰਭਵ ਨਹੀਂ, ਪਰ ਉਨ੍ਹਾਂ ਨੂੰ ਇਸ ਦੀ ਸਹੀ, ਸੁਰੱਖਿਅਤ ਅਤੇ ਸੰਤੁਲਿਤ ਵਰਤੋਂ ਸਿਖਾਉਣਾ ਸਕੂਲ ਅਤੇ ਮਾਪਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਬਚਪਨ ਵਿਚ ਪਈਆਂ ਚੰਗੀਆਂ ਆਦਤਾਂ ਹੀ ਜੀਵਨ ਭਰ ਬੱਚਿਆਂ ਦਾ ਮਾਰਗ ਦਰਸ਼ਨ ਕਰਦੀਆਂ ਹਨ। ਜੇਕਰ ਬਚਪਨ ਤੋਂ ਹੀ ਅਨੁਸ਼ਾਸਨ, ਸਮੇਂ ਦੀ ਕਦਰ, ਕਿਤਾਬਾਂ ਨਾਲ ਪਿਆਰ, ਖੇਡਾਂ ਅਤੇ ਰਚਨਾਤਮਿਕ ਗਤੀਵਿਧੀਆਂ ਦੀ ਆਦਤ ਪਾਈ ਜਾਵੇ ਤਾਂ ਬੱਚੇ ਆਤਮਵਿਸ਼ਵਾਸੀ, ਜ਼ਿੰਮੇਵਾਰ ਅਤੇ ਸਫਲ ਨਾਗਰਿਕ ਬਣਦੇ ਹਨ। ਡਾਇਰੈਕਟਰ ਸੁਨੀਤਾ ਗਰਗ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਬੱਚਿਆਂ ਦੇ ਸਰਵਪੱਖੀ ਵਿਕਾਸ ‘ਤੇ ਜ਼ੋਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸਕੂਲ ਦਾ ਮਕਸਦ ਸਿਰਫ਼ ਚੰਗੇ ਅੰਕ ਦਿਵਾਉਣਾ ਨਹੀਂ, ਸਗੋਂ ਸੰਸਕਾਰੀ, ਆਤਮਨਿਰਭਰ, ਸੰਵੇਦਨਸ਼ੀਲ ਅਤੇ ਜ਼ਿੰਮੇਵਾਰ ਨਾਗਰਿਕ ਤਿਆਰ ਕਰਨਾ ਹੈ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਖ਼ੁਦ ਵੀ ਮੋਬਾਈਲ ਦੀ ਸੰਤੁਲਿਤ ਵਰਤੋਂ ਕਰਨ। ਪ੍ਰੋਗਰਾਮ ਦੇ ਅੰਤ ਵਿਚ ਵਿਦਿਆਰਥੀਆਂ ਨੇ ਸੰਕਲਪ ਲਿਆ ਕਿ ਉਹ ਮੋਬਾਈਲ ਦੀ ਵਰਤੋਂ ਸਿਰਫ਼ ਲੋੜੀਂਦੇ ਅਤੇ ਸਿੱਖਿਆ ਨਾਲ ਸਬੰਧਿਤ ਕੰਮਾਂ ਲਈ ਹੀ ਕਰਨਗੇ।