ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਰਕਮ ਲਈ ਪੈਟਰੋਲ ਦੀ ਬੋਤਲ ਲੈ ਕੇ ਵਾਟਰ ਵਰਕਸ ਦੀ ਟੈਂਕੀ ’ਤੇ ਚੜ੍ਹਿਆ ਮਜ਼ਦੂਰ ਆਗੂ *ਸਿਵਲ ਅਤੇ ਪੁਲਿਸ ਪ੍ਰਸ਼ਾਸਨ ’ਚ ਮੱਚਿਆ ਹੜਕੰਪ

Ad Position 21
No active advertisement
ਅਜੀਤ ਡੈਸਕ 09-07-2026
ਬਾਘਾ ਪੁਰਾਣਾ, 8 ਜੁਲਾਈ (ਟਿੰਕੂ ਕਾਠਪਾਲ, ਗੁਰਮੀਤ ਸਿੰਘ ਮਾਣੂੰਕੇ)-ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਨਜ਼ੂਰਸ਼ੁਦਾ ਲਾਭਪਾਤਰੀਆਂ ਨੂੰ ਸਮੇਂ ਸਿਰ ਕਿਸ਼ਤਾਂ ਦੀ ਰਕਮ ਨਾ ਮਿਲਣ ਕਾਰਨ ਅੱਜ ਉਸ ਵੇਲੇ ਸਥਾਨਕ ਪ੍ਰਸ਼ਾਸਨ ਵਿਚ ਹੜਕੰਪ ਮੱਚ ਗਿਆ, ਜਦੋਂ ਮਜ਼ਦੂਰ ਆਗੂ ਗੁਰਲਾਭ ਸਿੰਘ ਨੱਥੋਕੇ ਆਪਣੇ ਸਮਰਥਕਾਂ ਨਾਲ ਸਥਾਨਕ ਨਗਰ ਕੌਂਸਲ ਬਾਘਾ ਪੁਰਾਣਾ ਦੇ ਵਾਟਰ ਵਰਕਸ ਵਿਖੇ ਬਣੀ ਉੱਚੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਏ। ਟੈਂਕੀ ‘ਤੇ ਚੜ੍ਹਦਿਆਂ ਉਹ ਆਪਣੇ ਨਾਲ ਪਾਣੀ ਦੀ ਇਕ ਬੋਤਲ ਅਤੇ ਪੈਟਰੋਲ ਦੀ ਇਕ ਬੋਤਲ ਵੀ ਲੈ ਗਏ, ਜਿਸ ਕਾਰਨ ਮੌਕੇ ‘ਤੇ ਮੌਜੂਦ ਲੋਕਾਂ ਅਤੇ ਪ੍ਰਸ਼ਾਸਨ ਦੀ ਚਿੰਤਾ ਹੋਰ ਵੀ ਵੱਧ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ। ਗੁਰਲਾਭ ਸਿੰਘ ਨੱਥੋਕੇ ਨੇ ਟੈਂਕੀ ਉੱਪਰੋਂ ਐਲਾਨ ਕੀਤਾ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੀ ਜਾਨ ਨੂੰ ਨੁਕਸਾਨ ਪਹੁੰਚਾਉਣ ਵਰਗਾ ਕਦਮ ਚੁੱਕਣਗੇ। ਇਸ ਬਿਆਨ ਤੋਂ ਬਾਅਦ ਮੌਕੇ ‘ਤੇ ਤਣਾਅਪੂਰਨ ਮਾਹੌਲ ਬਣ ਗਿਆ ਅਤੇ ਅਧਿਕਾਰੀਆਂ ਨੇ ਧੀਰਜ ਨਾਲ ਗੱਲਬਾਤ ਦਾ ਰਾਹ ਅਪਣਾਇਆ। ਗੁਰਲਾਭ ਸਿੰਘ ਨੱਥੋਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕਈ ਗਰੀਬ ਪਰਿਵਾਰਾਂ ਦੇ ਮਕਾਨਾਂ ਲਈ ਰਕਮ ਮਨਜ਼ੂਰ ਹੋ ਚੁੱਕੀ ਹੈ। ਨਗਰ ਕੌਂਸਲ ਬਾਘਾ ਪੁਰਾਣਾ ਵਲੋਂ ਲਾਭਪਾਤਰੀਆਂ ਨੂੰ ਕਿਹਾ ਗਿਆ ਸੀ ਕਿ ਜਿਨ੍ਹਾਂ ਦੇ ਕੇਸ ਪਾਸ ਹੋ ਗਏ ਹਨ, ਉਹ ਆਪਣੇ ਪੁਰਾਣੇ ਮਕਾਨ ਢਾਹ ਦੇਣ ਤਾਂ ਜੋ ਨਵੇਂ ਮਕਾਨਾਂ ਦਾ ਨਿਰਮਾਣ ਸ਼ੁਰੂ ਕੀਤਾ ਜਾ ਸਕੇ। ਭਰੋਸਾ ਕਰਦੇ ਹੋਏ ਕਈ ਗਰੀਬ ਪਰਿਵਾਰਾਂ ਨੇ ਆਪਣੇ ਘਰ ਢਾਹ ਦਿੱਤੇ, ਪਰ ਬਾਅਦ ਵਿਚ ਉਨ੍ਹਾਂ ਨੂੰ ਮਿਲਣ ਵਾਲੀਆਂ ਕਿਸ਼ਤਾਂ ਜਾਰੀ ਨਹੀਂ ਕੀਤੀਆਂ ਗਈਆਂ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਮਾਮਲੇ ਨੂੰ ਲੈ ਕੇ ਉਹ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਮਿਲੇ, ਪਰ ਹਰ ਵਾਰ ਉਨ੍ਹਾਂ ਨੂੰ ਇਕ-ਦੋ ਦਿਨਾਂ ਵਿਚ ਰਕਮ ਆ ਜਾਵੇਗੀ, ਕਹਿ ਕੇ ਟਾਲ ਦਿੱਤਾ ਗਿਆ। ਇਸ ਦੇ ਨਤੀਜੇ ਵਜੋਂ ਕਈ ਪਰਿਵਾਰ ਅੱਜ ਵੀ ਨੀਂਹਾਂ ਭਰ ਕੇ ਤਰਪਾਲਾਂ ਅਤੇ ਅਸਥਾਈ ਤੰਬੂਆਂ ਹੇਠ ਰਹਿਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਦੀਆਂ ਮੁਸ਼ਕਲਾਂ ਨੂੰ ਕੋਈ ਸੁਣਨ ਲਈ ਤਿਆਰ ਨਹੀਂ ਸੀ, ਜਿਸ ਕਰ ਕੇ ਉਨ੍ਹਾਂ ਨੂੰ ਮਜਬੂਰੀ ਵਿਚ ਇਹ ਸਖ਼ਤ ਕਦਮ ਚੁੱਕਣਾ ਪਿਆ। ਲਗਭਗ ਕਾਫੀ ਸਮੇਂ ਤੱਕ ਚੱਲੀ ਗੱਲਬਾਤ ਤੋਂ ਬਾਅਦ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਗੁਰਲਾਭ ਸਿੰਘ ਨੱਥੋਕੇ ਨੂੰ ਲਿਖਤੀ ਭਰੋਸਾ ਦਿੱਤਾ ਗਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਕਾਇਆ ਰਕਮ 2 ਤੋਂ 3 ਦਿਨਾਂ ਦੇ ਅੰਦਰ ਯੋਗ ਲਾਭਪਾਤਰੀਆਂ ਦੇ ਖਾਤਿਆਂ ਵਿਚ ਭੇਜਣ ਲਈ ਕਾਰਵਾਈ ਕੀਤੀ ਜਾਵੇਗੀ। ਇਸ ਭਰੋਸੇ ਤੋਂ ਬਾਅਦ ਹੀ ਗੁਰਲਾਭ ਸਿੰਘ ਨੱਥੋਕੇ ਟੈਂਕੀ ਤੋਂ ਸੁਰੱਖਿਅਤ ਹੇਠਾਂ ਉਤਰੇ, ਜਿਸ ਨਾਲ ਪ੍ਰਸ਼ਾਸਨ ਨੇ ਵੀ ਸੁੱਖ ਦਾ ਸਾਹ ਲਿਆ। ਇਸ ਮੌਕੇ ਵੱਡੀ ਗਿਣਤੀ ਵਿਚ ਦਲਿਤ ਵਰਗ ਦੇ ਲੋਕ, ਆਵਾਸ ਯੋਜਨਾ ਦੇ ਲਾਭਪਾਤਰੀ ਅਤੇ ਹੋਰ ਸਮਰਥਕ ਮੌਜੂਦ ਸਨ। ਹਾਜ਼ਰ ਲੋਕਾਂ ਨੇ ਕਿਹਾ ਕਿ ਗੁਰਲਾਭ ਸਿੰਘ ਨੱਥੋਕੇ ਨੇ ਗ਼ਰੀਬਾਂ ਦੇ ਹੱਕਾਂ ਲਈ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਆਵਾਜ਼ ਬੁਲੰਦ ਕੀਤੀ ਹੈ, ਜਿਸ ਦੀ ਉਹ ਸ਼ਲਾਘਾ ਕਰਦੇ ਹਨ। ਇਸ ਘਟਨਾ ਨੇ ਇਕ ਵਾਰ ਫਿਰ ਸਰਕਾਰੀ ਯੋਜਨਾਵਾਂ ਦੇ ਲਾਗੂ ਹੋਣ ਵਿਚ ਆ ਰਹੀਆਂ ਦਿੱਕਤਾਂ ਅਤੇ ਗਰੀਬ ਪਰਿਵਾਰਾਂ ਦੀਆਂ ਮੁਸ਼ਕਲਾਂ ਨੂੰ ਚਰਚਾ ਦੇ ਕੇਂਦਰ ਵਿਚ ਲਿਆ ਦਿੱਤਾ।
Ad Position 22
No active advertisement
ਪਿਛਲੀ ਖ਼ਬਰ 17 ਜੁਲਾਈ ਨੂੰ ਛੇਵੀਂ ਭਗਵਾਨ ਸ੍ਰੀ ਜਗਨਨਾਥ ਰਥ ਯਾਤਰਾ ਦਾ ਸੱਦਾ ਪੱਤਰ ਡਾ. ਸੰਜੀਵ ਕੁਮਾਰ ਸੈਣੀ ਵਲੋਂ ਜਾਰੀ * ਕਿਹਾ,... ਅਗਲੀ ਖ਼ਬਰ ਜੋਕੋਵਿਚ ਨੇ 5:15 ਘੰਟੇ ਤੱਕ ਚੱਲੇ ਮੈਚ ’ਚ 14 ਸਾਲ ਛੋਟੇ ਖਿਡਾਰੀ ਨੂੰ ਹਰਾਇਆ
Ad Position 24
No active advertisement