ਕੋਟ ਈਸੇ ਖਾਂ, 8 ਜੁਲਾਈ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸਾਹਿਤਕ ਸੰਸਥਾ ਨਵ ਪੰਜਾਬੀ ਸਾਹਿਤ ਸਭਾ ਆਪਣੀਆਂ ਪਰੰਪਰਾਵਾਂ ਨੂੰ ਅੱਗੇ ਤੋਰਦੇ ਹੋਏ ਲਗਾਤਾਰ ਸਾਹਿਤਕ ਕਾਰਜ ਕਰ ਰਹੀ ਹੈ ਤਾਂ ਕਿ ਮਾਂ ਬੋਲੀ ਪੰਜਾਬੀ ਅਤੇ ਸਾਹਿਤ ਨਵੀਂ ਪੀੜੀ ਤੱਕ ਪਹੁੰਚੇ, ਸਭਿਆਚਾਰ ਦੀ ਖ਼ੁਸ਼ਬੂ ਜਨ ਜਨ ਤੱਕ ਜਾਵੇ, ਇਸੇ ਲੜੀ ਅਧੀਨ ਇਸ ਵਾਰ ਦੀ ਮਹੀਨੇਵਾਰ ਬੈਠਕ ਜੋ ਮਾਸਟਰ ਸ਼ਮਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਸਰਕਾਰੀ ਹਾਈ ਸਕੂਲ ਲੜਕੇ ਜ਼ੀਰਾ ਰੋਡ ਵਿਖੇ ਹੋਈ। ਇਸ ਸਾਹਿਤਕ ਬੈਠਕ ਅਤੇ ਕਵੀ ਦਰਬਾਰ ਵਿਚ ਨੇੜੇ ਤੇੜੇ ਦੀਆਂ ਸਾਹਿਤਕ ਸਭਾਵਾਂ ਦੇ ਲੇਖਕਾਂ ਕਵੀਆਂ ਨੇ ਭਾਗ ਲਿਆ। ਗ਼ਜ਼ਲਗੋ ਪ੍ਰੋਫੈਸਰ ਗੁਰਦੀਪ ਖਿੰਡਾ ਨੇ ਆਏ ਹੋਏ ਸਾਹਿਤਕਾਰ ਸਾਥੀਆਂ ਨੂੰ ਸਭਾ ਵਲੋਂ ਜੀ ਆਇਆਂ ਆਖਿਆ। ਇਸ ਦੌਰਾਨ ਹੋਏ ਕਵੀ ਦਰਬਾਰ ਵਿਚ ਸੁਖਰਾਜ ਜ਼ੀਰਾ, ਯਸ਼ਪਾਲ ਗੁਲਾਟੀ, ਹਰਬੰਸ ਸਿੰਘ ਗੈਦੂ, ਗਿਆਨੀ ਜੀਤ ਸਿੰਘ, ਜੀਵਨ ਸਿੰਘ ਹਾਣੀ, ਬਲਵਿੰਦਰ ਸਿੰਘ ਬੀ.ਏ., ਮਾਸਟਰ ਸ਼ਮਸ਼ੇਰ ਸਿੰਘ, ਪ੍ਰੋ. ਗੁਰਦੀਪ ਖਿੰਡਾ, ਪਵਨ ਕੁਮਾਰ ਤਲਵੰਡੀ, ਸਮਾਜ ਸੇਵੀ ਤਰਸੇਮ ਧੰਨਾ ਅਤੇ ਸੂਬਾ ਸਿੰਘ ਆਦਿ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ, ਜਿਨ੍ਹਾਂ ‘ਤੇ ਸਾਰਥਿਕ ਬਹਿਸ ਹੋਈ ਅਤੇ ਉਸਾਰੂ ਸੁਝਾਅ ਦਿੱਤੇ ਗਏ। ਗਿਆਨੀ ਜੀਤ ਸਿੰਘ ਵਲੋਂ ਕਵਿਤਾ ਗੁਲਾਬ ਦਾ ਫ਼ੁੱਲ ਬਹੁਤ ਹੀ ਤਰੰਨਮ ਨਾਲ ਗਾ ਕੇ ਸਭ ਦਾ ਮਨ ਮੋਹ ਲਿਆ। ਗੁਰਦੀਪ ਖਿੰਡਾ ਨੇ ਵਿਚਾਰ ਚਰਚਾ ਮੌਕੇ ਨੌਜਵਾਨਾਂ ਵਿਚ ਸਾਹਿਤ ਲਿਖਣ ਅਤੇ ਪੜ੍ਹਨ ਦੀ ਘਟ ਰਹੀ ਰੁਚੀ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਯਸ਼ਪਾਲ ਗੁਲਾਟੀ, ਸੁਖਰਾਜ ਜ਼ੀਰਾ, ਪਵਨ ਤਲਵੰਡੀ ਅਤੇ ਜੀਵਨ ਸਿੰਘ ਹਾਣੀ ਨੇ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਪ੍ਰਫੁੱਲਿਤ ਕਰਨ ਲਈ ਸੁਝਾਅ ਦਿੱਤੇ। ਬੈਠਕ ਦੇ ਅੰਤ ਵਿਚ ਸਭਾ ਦੇ ਪ੍ਰਧਾਨ ਮਾਸਟਰ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਸਾਹਿਤ ਸਭਾ ਵਲੋਂ ਮਹੀਨੇ ਵਾਰ ਮੀਟਿੰਗਾਂ ਦਾ ਸਿਲਸਿਲਾ ਸਾਰੇ ਸਹਿਯੋਗੀ ਸਾਥੀਆਂ ਦੇ ਨਾਲ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਅਗਲੀ ਮੀਟਿੰਗ ਵਿਚ ਫਿਰ ਮਿਲਣ ਦੇ ਵਾਅਦੇ ਨਾਲ ਕਵੀ ਦਰਬਾਰ ਸਮਾਪਤ ਹੋਇਆ।