ਸਮਾਧ ਭਾਈ, 10 ਜੁਲਾਈ (ਜਗਰੂਪ ਸਿੰਘ ਸਰੋਆ)-ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਮਲੂਕਾ ਪਬਲਿਕ ਸਕੂਲ ਸਮਾਧ ਭਾਈ ਮੁੜ ਵਿਦਿਆਰਥੀਆਂ ਦੀਆਂ ਚਹਿਲ-ਪਹਿਲ ਅਤੇ ਖ਼ੁਸ਼ੀਆਂ ਨਾਲ ਗੂੰਜ ਉੱਠਿਆ। ਸਕੂਲ ਪਹੁੰਚਣ ’ਤੇ ਵਿਦਿਆਰਥੀਆਂ ਦਾ ਫੁੱਲਾਂ ਅਤੇ ਮੁਸਕਰਾਹਟ ਨਾਲ ਨਿੱਘਾ ਸਵਾਗਤ ਕੀਤਾ ਗਿਆ। ਸਵੇਰ ਦੀ ਸਭਾ ਦੌਰਾਨ ਪ੍ਰਿੰਸੀਪਲ ਸੁਖਬੀਰ ਸਿੰਘ ਬਰਾੜ ਵਲੋਂ ਵਿਦਿਆਰਥੀਆਂ ਨੂੰ ਨਵੇਂ ਜੋਸ਼, ਅਨੁਸ਼ਾਸਨ ਅਤੇ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਮਿਸਿਜ਼ ਰਣਧੀਰ ਕੌਰ ਕਲੇਰ ਤੇ ਡਾਇਰੈਕਟਰ ਕੋਹਿਨੂਰ ਸਿੱਧੂ ਨੇ ਸਮੂਹ ਵਿਦਿਆਰਥੀਆਂ ਨੂੰ ਗਰਮਜੋਸ਼ੀ ਨਾਲ ਜੀ ਆਇਆਂ ਆਖਿਆ ਅਤੇ ਵਿਦਿਆਰਥੀਆਂ ਨੂੰ ਸਮੇਂ ਦੀ ਪਾਬੰਦੀ, ਚੰਗੇ ਆਚਰਨ ਅਤੇ ਲਗਨ ਨਾਲ ਪੜ੍ਹਾਈ ਕਰਕੇ ਆਪਣੇ ਮਾਪਿਆਂ, ਸਕੂਲ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਸਮੇਂ ਵਿਦਿਆਰਥੀਆਂ ਨੇ ਵੀ ਆਪਣੇ ਅਧਿਆਪਕਾਂ ਅਤੇ ਸਾਥੀਆਂ ਨਾਲ ਮਿਲ ਕੇ ਖ਼ੁਸ਼ੀ ਪ੍ਰਗਟਾਈ ਅਤੇ ਨਵੇਂ ਉਤਸ਼ਾਹ ਨਾਲ ਅਕਾਦਮਿਕ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ।