ਕੋਟ ਈਸੇ ਖਾਂ, 16 ਜੁਲਾਈ (ਗੁਰਮੀਤ ਸਿੰਘ ਖ਼ਾਲਸਾ)-ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਮੋਗਾ ਸੀ.ਬੀ.ਐਸ.ਈ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰੀ ਕੰਪਿਊਟੇਸ਼ਨਲ ਥਿਕਿੰਗ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿਚ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਮੈਡਮ ਗੁਰਪ੍ਰੀਤ ਕੌਰ ਸ੍ਰੀ ਹੇਮਕੁੰਟ ਸੀਨੀ. ਸੈਕੰ. ਸਕੂਲ ਕੋਟ ਈਸੇ ਖਾਂ, ਮੈਡਮ ਅਮਨਦੀਪ ਕੌਰ ਡੀ.ਏ.ਵੀ., ਕੇ. ਆਰ. ਬੀ. ਪਬਲਿਕ ਸਕੂਲ, ਦਿਲਰਾਜ ਸਿੰਘ ਸ੍ਰੀ ਹੇਮਕੁੰਟ ਸਾਹਿਬ ਸੀਨੀ. ਸੈਕੰ. ਸਕੂਲ ਫ਼ਤਿਹਗੜ੍ਹ ਪੰਜਤੂਰ, ਗਗਨਦੀਪ ਸਿੰਘ ਏਂਜਲ ਹਾਰਟ ਕਾਨਵੈਂਟ ਸਕੂਲ ਨੇ ਸੈਸ਼ਨ ਦੌਰਾਨ ਆਧੁਨਿਕ ਸਿੱਖਿਆ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਕੰਪਿਊਟੇਸ਼ਨਲ ਥਿਕਿੰਗ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ। ਅਧਿਆਪਕਾਂ ਨੇ ਕੰਪਿਉਟੇਸ਼ਨਲ ਥਿਕਿੰਗ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਿਹਾਰਕ ਸਿਖਲਾਈ, ਆਪਸੀ ਵਿਚਾਰ-ਵਟਾਂਦਰਾ, ਨਵੀਨਤਾ ਅਤੇ ਸਮੱਸਿਆਵਾਂ ਦੇ ਹੱਲ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਨੈਤਿਕ, ਸੁਰੱਖਿਅਤ ਅਤੇ ਜ਼ਿੰਮੇਵਾਰ ਵਰਤੋਂ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਦੱਸਿਆਂ ਕਿ ਵਿਦਿਆਰਥੀਆਂ ਨੂੰ ਕੇਵਲ ਏ-ਆਈ. ਦੀ ਵਰਤੋਂ ਕਰਨੀ ਹੀ ਨਹੀ ਸਗੋਂ ਇਸ ਦੀ ਸਹੀ, ਸੁਰੱਖਿਅਤ ਅਤੇ ਜ਼ਿੰਮੇਵਾਰ ਵਰਤੋਂ ਬਾਰੇ ਜਾਣਕਾਰੀ ਦੇਣਾ ਵੀ ਬਹੁਤ ਜ਼ਰੂਰੀ ਹੈ। ਵਰਕਸ਼ਾਪ ਦੌਰਾਨ ਪ੍ਰਿੰਸੀਪਲ ਸਸੀ ਕੁਮਾਰ ਆਰ. ਕੇ.ਐਸ. ਸਕੂਲ ਜਨੇਰ ਅਤੇ ਸ੍ਰੀ ਹੇਮਕੁੰਟ ਸੀਨੀ. ਸੈਕੰ. ਸਕੂਲ ਕੋਟ ਈਸੇ ਖਾਂ ਦੇ ਪ੍ਰਿੰਸੀਪਲ ਰਮਨਜੀਤ ਕੌਰ ਨੇ ਜੱਜ ਸਾਹਿਬਾਨ ਦੀ ਭੂਮਿਕਾ ਨਿਭਾਈ। ਵਰਕਸ਼ਾਪ ਦੇ ਅਖੀਰ ਵਿਚ ਸਾਰੇ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਅਤੇ ਯੋਗਦਾਨ ਲਈ ਪ੍ਰਸੰਸਾ-ਪੱਤਰ ਪ੍ਰਦਾਨ ਕੀਤੇ। ਉਨ੍ਹਾਂ ਨੇ ਭਾਗੀਦਾਰਾਂ ਵਲੋਂ ਪੇਸ਼ ਕੀਤੇ ਕੇਸ ਪੇਪਰਾਂ ਅਤੇ ਨਵੀਨਤਮ ਸਿੱਖਣ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੰਪਿਊਟੇਸ਼ਨਲ ਥਿਕਿੰਗ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਭਵਿੱਖ ਦੀ ਸਿੱਖਿਆ ਦਾ ਅਹਿਮ ਹਿੱਸਾ ਹਨ। ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐਮ. ਡੀ. ਰਣਜੀਤ ਕੌਰ ਸੰਧੂ ਜੱਜ ਸਾਹਿਬਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਵਰਕਸ਼ਾਪ ਅਧਿਆਪਕਾਂ ਨੂੰ ਨਵੀਆਂ ਤਕਨੀਕਾਂ ਨਾਲ ਜੋੜਨ ਅਤੇ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।