ਮੋਗਾ, 17 ਜੁਲਾਈ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ, ਗੁਰਤੇਜ ਸਿੰਘ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਸਕਾਨ ਪ੍ਰਚਾਰ ਸੰਮਤੀ ਮੋਗਾ ਵਲੋਂ ਚੇਅਰਮੈਨ ਦੇਵ ਪ੍ਰਿਆ ਤਿਆਗੀ, ਪ੍ਰਧਾਨ ਨਵਦੀਪ ਗੁਪਤਾ ਤੇ ਸਮੁੱਚੀ ਟੀਮ ਵਲੋਂ ਛੇਵੀਂ ਵਿਸ਼ਾਲ ਭਗਵਾਨ ਸ੍ਰੀ ਜਗਨਨਾਥ ਰਥ ਯਾਤਰਾ ਬੱਸ ਅੱਡੇ ਕੋਲ ਬਣੇ ਪਾਰਕ ਕੋਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਪੂਰੀਆਂ ਧਾਰਮਿਕ ਰਸਮਾਂ ਨਾਲ ਦੇਰ ਸ਼ਾਮ ਸ਼ੁਰੂ ਹੋਈ। ਇਸ ਮੌਕੇ ਕੁਰੂਕਸ਼ੇਤਰ ਤੇਵਰਿੰਦਾਵਨ ਤੋਂ ਪੁੱਜੇ ਵਿਦਵਾਨਾਂ ਨੇ ਪੂਰੀਆਂ ਧਾਰਮਿਕ ਰਸਮਾਂ ਨਾਲ ਭਗਵਾਨ ਸ੍ਰੀ ਜਗਨਨਾਥ ਰਥ ਯਾਤਰਾ ਨੂੰ ਰਵਾਨਾ ਕੀਤਾ। ਇਸ ਮੌਕੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ,ਨਗਰ ਨਿਗਮ ਦੇ ਮੇਅਰ ਵਿਨੇਪਾਲ ਕੌਰ ਦੌਧਰੀਆ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਕੁਮਾਰ ਕਾਲਾ ਬਜਾਜ, ਡਿਪਟੀ ਮੇਅਰ ਗੌਰਵ ਗਰਗ, ਨਿਧੜਕ ਸਿੰਘ ਬਰਾੜ ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ ਤੇ ਮੁੱਖ ਬੁਲਾਰੇ ਭਾਜਪਾ, ਡਾ. ਸੰਜੀਵ ਕੁਮਾਰ ਸੈਣੀ ਚੇਅਰਮੈਨ ਬੀ.ਬੀ.ਐਸ. ਗਰੁੱਪ, ਡਾ. ਸੀਮਾਂਤ ਗਰਗ ਸਾਬਕਾ ਪ੍ਰਧਾਨ ਭਾਜਪਾ, ਵਿਨੋਦ ਬਾਂਸਲ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ, ਅਨਿਲ ਬਾਂਸਲ ਸਾਬਕਾ ਸੀਨੀਅਰ ਡਿਪਟੀ ਮੇਅਰ, ਸਵਾਮੀ ਨੀਰਜਾਨੰਦ ਮੁੱਖ ਸੇਵਾਦਾਰ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਮੋਗਾ, ਅਜੇ ਸ਼ਰਮਾ ਸੀਨੀਅਰ ਆਪ ਆਗੂ, ਗੌਰਵ ਗੁਪਤਾ ਗੁੱਡੂ ਸਾਬਕਾ ਕੌਂਸਲਰ, ਵ੍ਰਿਧੀ ਗੁਪਤਾ ਕੌਂਸਲਰ, ਪਰਮਪਾਲ ਸਿੰਘ ਤਖ਼ਤੂਪੁਰਾ ਸਾਬਕਾ ਚੇਅਰਮੈਨ ਤੇ ਮੈਂਬਰ ਪੀ.ਪੀ.ਸੀ., ਮਨਜੀਤ ਮਾਨ ਕੌਂਸਲਰ ਤੇ ਮੈਂਬਰ ਪੀ.ਪੀ.ਸੀ., ਭਾਵਨਾ ਬਾਂਸਲ ਉੱਘੀ ਸਮਾਜ ਸੇਵਕਾ, ਸ੍ਰੀਮਤੀ ਆਰੀਆ ਗੁਪਤਾ ਉੱਘੀ ਸਮਾਜ ਸੇਵਕਾ, ਅਸ਼ੋਕ ਬਾਂਸਲ ਆੜ੍ਹਤੀ, ਕਸ਼ਿਸ਼ ਬਾਂਸਲ ਆੜ੍ਹਤੀ, ਜਸਪਾਲ ਸਿੰਘ ਬੱਬੀ ਪੱਤਰਕਾਰ, ਪੁਨੀਤ ਸੱਗੂ, ਡਾ. ਕਿਰਨਪਾਲ ਸਿੰਘ ਲਾਡੀ, ਗੁਰਜੀਤ ਸਿੰਘ ਰੋਟਰੀ ਕਲੱਬ ਮੋਗਾ, ਸਾਹਿਲ ਅਰੋੜਾ ਸਾਬਕਾ ਕੌਂਸਲਰ ਸਮੇਤ ਵੱਡੀ ਗਿਣਤੀ ਵਿਚ ਔਰਤਾਂ, ਸ਼ਹਿਰ ਵਾਸੀ ਤੇ ਸੰਗਤਾਂ ਹਾਜ਼ਰ ਸਨ। ਯਾਤਰਾ ਆਪਣੇ ਨਿੱਜ ਸਥਾਨ ਤੋਂ ਸ਼ੁਰੂ ਹੋ ਕੇ ਕਮੇਟੀ ਘਰ, ਸ਼ਾਮ ਲਾਲ ਚੌਕ, ਮੇਨ ਬਾਜ਼ਾਰ, ਦੇਵ ਹੋਟਲ, ਆਰੀਆ ਰੋਡ, ਜਵਾਹਰ ਨਗਰ, 9 ਨੰਬਰ ਨਿਊ ਟਾਊਨ, ਵਾਲਮੀਕ ਚੌਕ, ਗੀਤਾ ਭਵਨ ਰੋਡ ਤੋਂ ਹੁੰਦੀ ਹੋਈ ਸਥਾਨਕ ਸ਼ਹਿਰ ਦੇ ਗੀਤਾ ਭਵਨ ਮੰਦਰ ਵਿਖੇ ਪੁੱਜੇਗੀ। ਸਾਰੇ ਰਸਤੇ ਲੇਜ਼ਰ ਲਾਈਟ, ਪੰਜ ਸੰਗੀਤਮਈ ਸਟੇਜਾਂ ਤੇ ਪੰਜ ਲਾਈਵ ਸਕਰੀਨ ਸਟੇਜਾਂ ਦਾ ਵੀ ਆਯੋਜਨ ਕੀਤਾ ਗਿਆ। ਇਸ ਤੋਂ ਇਲਾਵਾ ਗੁਜਰਾਤ ਤੋਂ ਸਪੈਸ਼ਲ ਤੌਰ ‘ਤੇ ਡਾਂਡੀਆ ਗਰੁੱਪ ਦੀਆਂ ਲੜਕੀਆਂ ਨੇ ਡਾਂਡੀਆ ਖੇਡ ਕੇ ਯਾਤਰਾ ਨੂੰ ਹੋਰ ਆਕਰਸ਼ਿਕ ਬਣਾ ਦਿੱਤਾ। ਇਸ ਮੌਕੇ ਦੇਵ ਪ੍ਰਿਆ ਤਿਆਗੀ ਚੇਅਰਮੈਨ ਨੇ ਕਿਹਾ ਕਿ ਰਥ ਯਾਤਰਾ ਸਿਰਫ਼ ਇਕ ਤਿਉਹਾਰ ਨਹੀਂ, ਇਹ ਪ੍ਰਮਾਤਮਾ ਦੀ ਕਿਰਪਾ ਦਾ ਅਨੁਭਵ ਹੈ। ਇਸ ਮੌਕੇ ਰਥ ਯਾਤਰਾ ‘ਚ ਵਿਸ਼ੇਸ਼ ਤੌਰ ‘ਤੇ ਪੁੱਜੇ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਭਗਵਾਨ ਸ੍ਰੀ ਜਗਨਨਾਥ ਰਥ ਯਾਤਰਾ ਵਿਚ ਸ਼ਮੂਲੀਅਤ ਕਰਨਾ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਬਹੁਤ ਵੱਡਾ ਪੁੰਨ ਦਾ ਕਾਰਜ ਹੈ। ਡਾ. ਅਰੋੜਾ ਨੇ 6ਵੀਂ ਵਿਸ਼ਾਲ ਰਥ ਯਾਤਰਾ ਦਾ ਆਯੋਜਨ ਕਰਨ ‘ਤੇ ਇਸਕਾਨ ਪ੍ਰਚਾਰ ਸੰਮਤੀ ਦੇ ਚੇਅਰਮੈਨ ਦੇਵ ਪ੍ਰਿਆ ਤਿਆਗੀ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਸੰਮਤੀ ਦੇ ਚੇਅਰਮੈਨ ਦੇਵ ਪ੍ਰਿਆ ਤਿਆਗੀ ਨੇ ਰਥ ਯਾਤਰਾ ਵਿਚ ਸ਼ਾਮਿਲ ਸਮੁੱਚੀਆਂ ਸ਼ਖ਼ਸੀਅਤਾਂ, ਸ਼ਹਿਰ ਵਾਸੀਆਂ ਤੇ ਸਹਿਯੋਗ ਦੇਣ ਵਾਲੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਵਿੱਕੀ ਮਹਿੰਦੀਰੱਤਾ ਪ੍ਰੋਜੈਕਟ ਇੰਚਾਰਜ, ਰਜਨੀਸ਼ ਕੁਮਾਰ ਕੈਸ਼ੀਅਰ, ਬਿੰਦੂ ਜੈਸਵਾਲ ਵਾਈਸ ਪ੍ਰਧਾਨ, ਪਰਮਜੀਤ ਸਿੰਘ ਪੰਮਾ, ਗੀਤਾ ਆਰੀਆ, ਆਚਾਰੀਆ ਨੰਦ ਲਾਲ, ਸ਼ੁਭਮ ਸ਼ਰਮਾ, ਪ੍ਰਵੀਨ ਰਾਜਪੂਤ, ਰੌਮੀ ਬਾਂਸਲ ਸਮੇਤ ਸੰਸਥਾ ਦੇ ਅਹੁਦੇਦਾਰ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਰਥ ਯਾਤਰਾ ਦੇ ਸਾਰੇ ਰਸਤੇ ਦੌਰਾਨ ਰਥ ਯਾਤਰਾ ਵਿਚ ਸ਼ਾਮਿਲ ਸੰਗਤਾਂ ਲਈ ਹਰ ਪੜਾਅ ‘ਤੇ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇਸ ਯਾਤਰਾ ਨੂੰ ਲੈ ਕੇ ਪ੍ਰਬੰਧਕਾਂ ਵਲੋਂ ਪੂਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਸਨ ਤਾਂ ਜੋ ਕਿਸੇ ਵੀ ਸ਼ਰਧਾਲੂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਮੋਗਾ ਵਿਖੇ 6ਵੀਂ ਵਿਸ਼ਾਲ ਭਗਵਾਨ ਸ੍ਰੀ ਜਗਨਨਾਥ ਰੱਥ ਯਾਤਰਾ ਸ਼ਰਧਾ ਤੇ ਉਤਸ਼ਾਹ ਨਾਲ ਕੱਢੀ
ਅਜੀਤ ਡੈਸਕ
18-07-2026