ਮੋਗਾ, 18 ਜੁਲਾਈ (ਸੁਰਿੰਦਰਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਨੂੰ ਦਿੱਤੀਆਂ ਜਾ ਰਹੀਆਂ ਵਿਕਾਸ ਯੋਜਨਾਵਾਂ ਅਤੇ ਨਵੀਆਂ ਸੌਗਾਤਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਪੰਜਾਬ ਪ੍ਰਤੀ ਮੋਹ ਅਤੇ ਸੂਬੇ ਨੂੰ ਵਿਕਾਸ, ਨਿਵੇਸ਼ ਅਤੇ ਖੁਸ਼ਹਾਲੀ ਦੇ ਰਾਹ ’ਤੇ ਅੱਗੇ ਲੈ ਜਾਣ ਦਾ ਸੰਕਲਪ ਵੱਖ-ਵੱਖ ਯੋਜਨਾਵਾਂ ਅਤੇ ਵਿਕਾਸ ਪਰਿਯੋਜਨਾਵਾਂ ਰਾਹੀਂ ਲਗਾਤਾਰ ਸਪਸ਼ਟ ਹੋ ਰਿਹਾ ਹੈ। ਡਾ. ਹਰਜੋਤ ਕਮਲ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਵਾਰਾਨਸੀ ਵਿਚਕਾਰ ਨਵੀਂ ਰੇਲ ਸੇਵਾ ਦੀ ਸ਼ੁਰੂਆਤ ਪੰਜਾਬ ਖਾਸ ਕਰਕੇ ਰਮਦਾਸੀਆ ਸਮਾਜ ਅਤੇ ਹੋਰ ਸ਼ਰਧਾਲੂਆਂ ਲਈ ਇਕ ਇਤਿਹਾਸਕ ਪਹਿਲ ਹੈ। ਇਸ ਨਾਲ ਸ੍ਰੀ ਕਾਸ਼ੀ ਵਿਸ਼ਵਾਨਾਥ ਧਾਮ ਦੀ ਯਾਤਰਾ ਪਹਿਲਾਂ ਨਾਲੋਂ ਵਧੇਰੇ ਆਸਾਨ, ਸੁਵਿਧਾਜਨਕ ਅਤੇ ਕਿਫਾਇਤੀ ਬਣੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਪੰਜਾਬ ਦੇ ਵਿਕਾਸ ਲਈ ਕਈ ਮਹੱਤਵਪੂਰਨ ਉਪਰਾਲੇ ਕੀਤੇ ਹਨ। ਡਾ. ਹਰਜੋਤ ਕਮਲ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਉਦੇਸ਼ ਪੰਜਾਬ ਨੂੰ ਮੁੜ ਵਿਕਾਸ, ਵਪਾਰ, ਉਦਯੋਗ ਅਤੇ ਰੋਜ਼ਗਾਰ ਦੇ ਖੇਤਰ ਵਿਚ ਦੇਸ਼ ਦੇ ਅਗੇਤੂ ਸੂਬਿਆਂ ਵਿਚ ਸ਼ਾਮਿਲ ਕਰਨਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਰਾਜ ਮੰਤਰੀ ਰਵਨੀਤ ਬਿੱਟੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਵਿਕਾਸ ਅਤੇ ਲੋਕ-ਭਲਾਈ ਲਈ ਚੁੱਕਿਆ ਗਿਆ ਹਰ ਕਦਮ ਸੂਬੇ ਦੇ ਉਜਲੇ ਭਵਿੱਖ ਵੱਲ ਇਕ ਮਜ਼ਬੂਤ ਪਹਿਲ ਸਾਬਤ ਹੋਵੇਗਾ।
ਅੰਮ੍ਰਿਤਸਰ-ਵਾਰਾਨਸੀ ਰੇਲ ਸੇਵਾ ਪੰਜਾਬ ਦੇ ਸ਼ਰਧਾਲੂਆਂ ਲਈ ਇਤਿਹਾਸਕ ਤੋਹਫਾ-ਡਾ. ਹਰਜੋਤ ਕਮਲ
ਅਜੀਤ ਡੈਸਕ
19-07-2026