ਬਾਘਾ ਪੁਰਾਣਾ, 21 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)- ਬਾਰ ਐਸੋਸੀਏਸ਼ਨ ਬਾਘਾ ਪੁਰਾਣਾ ਦੇ ਮੈਂਬਰਾਂ ਨੇ ਜੁਆਇੰਟ ਐਕਸ਼ਨ ਕਮੇਟੀ ਬਾਰ ਐਸੋਸੀਏਸ਼ਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਯੂ.ਟੀ. ਦੇ ਸੱਦੇ ਅਨੁਸਾਰ ਕੋਰਟ ਕੰਪਲੈਕਸ ਬਾਘਾ ਪੁਰਾਣਾ ’ਚ ਭੁੱਖ ਹੜਤਾਲ ਕਰਕੇ ਧਰਨਾ ਦਿੱਤਾ| ਇਸ ਧਰਨੇ ਸਬੰਧੀ ਬਾਰ ਐਸੋਸੀਏਸ਼ਨ ਪ੍ਰਧਾਨ ਰਵਿੰਦਰ ਸਿੰਘ ਬਰਾੜ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭੁੱਖ ਹੜਤਾਲ ਤੇ ਧਰਨਾ ਬਾਘਾ ਪੁਰਾਣਾ ਕੋਰਟ ਕੰਪਲੈਕਸ ’ਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਇਆ ਗਿਆ ਅਤੇ ਬਾਰ ਮੈਂਬਰਾਂ ’ਚੋਂ ਪਵਿੱਤਰ ਸਿੰਘ ਗਿੱਲ, ਬਲਵੰਤ ਸਿੰਘ ਬਰਾੜ ਅਤੇ ਬਲਵਿੰਦਰ ਸਿੰਘ ਸਿੱਧੂ ਵਕੀਲ ਨੇ ਡਰਾਈ ਭੁੱਖ ਹੜਤਾਲ ਰੱਖੀ ਅਤੇ ਹੋਰ ਮੈਂਬਰਾਂ ਨੇ ਸਾਰਾ ਦਿਨ ਉਕਤ ਧਰਨੇ ’ਚ ਹਾਜ਼ਰੀ ਲਗਵਾਈ| ਇਸ ਸਮੇਂ ਬਾਰ ਪ੍ਰਧਾਨ ਰਵਿੰਦਰ ਸਿੰਘ ਬਰਾੜ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਬਰਾੜ ਨੇ ਐਲ.ਏ.ਡੀ.ਸੀ. ਸਿਸਟਮ ਦੀਆ ਖਾਮੀਆਂ ਬਾਰੇ ਦੱਸਿਆ ਅਤੇ ਕਿਹਾ ਕਿ ਬਾਰ ਐਸੋਸੀਏਸ਼ਨ ਦੀ ਕਲਮ ਛੋੜ (ਕੋਈ ਕੰਮ ਨਹੀਂ) ਹੜਤਾਲ 3 ਜੁਲਾਈ ਤੋਂ ਲਗਾਤਾਰ ਚੱਲ ਰਹੀ ਹੈ ਪ੍ਰੰਤੂ ਇਸ ਬਾਰੇ ਕੇਂਦਰ ਸਰਕਾਰ ਅਤੇ ਸਬੰਧਿਤ ਵਿਭਾਗ ਵਲੋਂ ਹੱਲ ਸਬੰਧੀ ਕੋਈ ਗੱਲਬਾਤ ਸਿਰੇ ਨਹੀਂ ਲਗਾਈ ਜਾ ਰਹੀ| ਇਸ ਕਰਕੇ ਅੱਜ ਤੋਂ ਸਮੂਹ ਬਾਰ ਐਸੋਸੀਏਸ਼ਨਾਂ ਵਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ ਜੋ ਕਿ ਅਣਮਿਥੇ ਸਮੇਂ ਲਈ ਜਾਰੀ ਰਹੇਗੀ| ਅੱਜ ਦੀ ਇਸ ਭੁੱਖ ਹੜਤਾਲ ਸਮੇਂ ਬਾਰ ਐਸੋਸੀਏਸ਼ਨ ਦੇ ਹੋਰ ਮੈਂਬਰ ਤਰਸੇਮ ਸਿੰਘ ਗਿੱਲ, ਗੁਰਜੰਟ ਸਿੰਘ ਗਿੱਲ, ਸੁਜਾਨ ਸਿੰਘ ਬਰਾੜ, ਸੁਰਿੰਦਰ ਕੁਮਾਰ ਸ਼ਰਮਾ, ਅਮਨਪ੍ਰੀਤ ਸਿੰਘ ਗਰੇਵਾਲ, ਵੀਰਪਾਲ ਕੌਰ ਸਰਾਂ, ਗੁਰਮੀਤ ਸਿੰਘ ਧਾਲੀਵਾਲ, ਅਰਸ਼ਦੀਪ ਸਿੰਘ ਬਰਾੜ, ਵਿਵੇਕ ਨੌਹਰੀਆ, ਰਾਮ ਕੁਮਾਰ, ਰੌਣਕ ਸਿੰਘ, ਸੁਰੇਸ਼ ਗੋਇਲ, ਰੇਨੂੰ ਬਾਲਾ, ਦਵਿੰਦਰ ਸਿੰਘ, ਜਗਸੀਰ ਸਿੰਘ, ਸਤੀਸ਼ ਕੁਮਾਰ, ਹਰਨੋਵਰ ਖਾਨ ਵਕੀਲ ਅਤੇ ਕਲਰਕ ਮੌਜੂਦ ਸਨ|
ਬਾਰ ਐਸੋਸੀਏਸ਼ਨ ਬਾਘਾ ਪੁਰਾਣਾ ਦੇ ਮੈਂਬਰਾਂ ਨੇ ਕੀਤੀ ਭੁੱਖ ਹੜਤਾਲ
ਅਜੀਤ ਡੈਸਕ
22-07-2026