ਕੋਟ ਈਸੇ ਖਾਂ, 29 ਜੁਲਾਈ (ਗੁਰਮੀਤ ਸਿੰਘ ਖ਼ਾਲਸਾ)-ਨਾਮਵਰ ਤੇ ਮੋਹਰੀ ਵਿੱਦਿਅਕ ਸੰਸਥਾ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ, ਕੋਟ ਈਸੇ ਖਾਂ ‘ਚ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਤੋਂ ਇਲਾਵਾ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗਤਾਵਾਂ ਲਈ ਵੀ ਨਿਪੁੰਨ ਕੀਤਾ ਜਾਂਦਾ ਹੈ। ਇਸੇ ਦੇ ਚੱਲਦਿਆਂ ਸਕੂਲ ਦੀ ਹੋਣਹਾਰ ਵਿਦਿਆਰਥਣ ਜਸ਼ਨਦੀਪ ਕੌਰ ਪੁੱਤਰੀ ਸਤਪਾਲ ਸਿੰਘ, ਪਿੰਡ ਫ਼ਤਿਹਗੜ੍ਹ ਕੋਰੋਟਾਣਾ ਨੇ ਆਪਣੀਆਂ ਵੱਡੀਆਂ ਉਪਲਬਧੀਆਂ ਨਾਲ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਜਸ਼ਨਦੀਪ ਕੌਰ ਨੇ ਸਿਲਵਰ ਜ਼ੋਨ ਇੰਗਲਿਸ਼ ਇੰਟਰਨੈਸ਼ਨਲ ਓਲੰਪੀਆਡ ਵਿਚ ਵੀ 100 ਵਿਚੋਂ 100 ਅੰਕ ਪ੍ਰਾਪਤ ਕਰਦਿਆਂ ਅੰਤਰਰਾਸ਼ਟਰੀ ਪੱਧਰ ‘ਤੇ ਦੂਜਾ ਸਥਾਨ ਹਾਸਲ ਕੀਤਾ। ਸਕੂਲ ਪ੍ਰਬੰਧਕਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਜਸ਼ਨਦੀਪ ਕੌਰ ਨੇ ਪਹਿਲਾਂ ਦਸਵੀਂ ਜਮਾਤ ਵਿੱਚ 93.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਸਫਲਤਾ ਹਾਸਲ ਕੀਤੀ। ਇਸ ਤੋਂ ਬਾਅਦ ਉਸ ਨੇ ਸੀ.ਬੀ.ਐਸ.ਈ. ਬਾਰ੍ਹਵੀਂ (ਮੈਡੀਕਲ) ਪ੍ਰੀਖਿਆ 2025-26 ਵਿਚ 96.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਆਪਣੀ ਮਿਹਨਤ, ਲਗਨ ਅਤੇ ਕਾਬਲੀਅਤ ਦਾ ਸ਼ਾਨਦਾਰ ਪ੍ਰਮਾਣ ਦਿੱਤਾ। ਇਸ ਤੋਂ ਇਲਾਵਾ ਉਸ ਨੇ ਸੀ.ਬੀ.ਐਸ.ਈ. ਦੀ ਬਾਰ੍ਹਵੀਂ ਜਮਾਤ ਦੀ ਅੰਗਰੇਜ਼ੀ ਪ੍ਰੀਖਿਆ ਵਿਚ 100 ਵਿਚੋਂ 100 ਅੰਕ ਹਾਸਲ ਕਰਕੇ ਵਿਸ਼ੇ ਵਿਚ ਆਪਣੀ ਵਿਲੱਖਣ ਪ੍ਰਤਿਭਾ ਦਾ ਸਬੂਤ ਦਿੱਤਾ। ਪੜ੍ਹਾਈ ਦੇ ਨਾਲ-ਨਾਲ ਇਸ ਸ਼ਾਨਦਾਰ ਉਪਲਬਧੀ ਲਈ ਉਸ ਨੂੰ ‘ਸਰਟੀਫਿਕੇਟ ਆਫ਼ ਐਕਸੀਲੈਂਸ’, ਚਾਂਦੀ ਦਾ ਤਗਮਾ ਅਤੇ 2,500 ਰੁਪਏ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਓਲੰਪੀਆਡ ਦੇ ਪਹਿਲੇ ਪੱਧਰ ‘ਤੇ ਉਸ ਨੇ ਗੋਲਡ ਮੈਡਲ ਅਤੇ ਦੂਜੇ ਪੱਧਰ ‘ਤੇ ਸਿਲਵਰ ਮੈਡਲ ਵੀ ਆਪਣੇ ਨਾਮ ਕੀਤੇ ਸਨ। ਉਨ੍ਹਾਂ ਕਿਹਾ ਕਿ ਸਿਲਵਰ ਜ਼ੋਨ ਇੰਗਲਿਸ਼ ਇੰਟਰਨੈਸ਼ਨਲ ਓਲੰਪੀਆਡ ਵਿਚ ਵਿਦਿਆਰਥੀਆਂ ਨੂੰ 100 ਅੰਕਾਂ ਦੇ ਆਧਾਰ ‘ਤੇ ਰੈਂਕ ਅਤੇ ਸਨਮਾਨ ਦਿੱਤੇ ਜਾਂਦੇ ਹਨ। ਵਰਤਮਾਨ ਵਿਚ ਜਸ਼ਨਦੀਪ ਕੌਰ ਬੀ.ਐਸ.ਸੀ. ਨਰਸਿੰਗ ਦੀ ਪੜ੍ਹਾਈ ਕਰ ਰਹੀ ਹੈ। ਉਸ ਦਾ ਸੁਪਨਾ ਭਵਿੱਖ ਵਿਚ ਵਿਦੇਸ਼ ਵਿਚ ਰਜਿਸਟਰਡ ਨਰਸ ਵਜੋਂ ਸੇਵਾਵਾਂ ਨਿਭਾਅ ਕੇ ਆਪਣੇ ਪਰਿਵਾਰ, ਸਕੂਲ ਅਤੇ ਦੇਸ਼ ਦਾ ਨਾਮ ਵਿਸ਼ਵ ਪੱਧਰ ‘ਤੇ ਰੌਸ਼ਨ ਕਰਨਾ ਹੈ। ਇਸ ਮੌਕੇ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐਮ.ਡੀ. ਰਣਜੀਤ ਕੌਰ ਸੰਧੂ ਨੇ ਜਸ਼ਨਦੀਪ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਹੋਣਹਾਰ ਵਿਦਿਆਰਥਣਾਂ ਸੰਸਥਾ ਲਈ ਮਾਣ ਦੀ ਗੱਲ ਹਨ। ਉਨ੍ਹਾਂ ਕਿਹਾ ਕਿ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਹਰ ਵਿਦਿਆਰਥੀ ਆਪਣਾ ਟੀਚਾ ਹਾਸਲ ਕਰ ਸਕਦਾ ਹੈ ਅਤੇ ਜਸ਼ਨਦੀਪ ਦੀ ਇਹ ਉਪਲਬਧੀ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹੈ। ਸਕੂਲ ਪ੍ਰਿੰਸੀਪਲ ਸ੍ਰੀਮਤੀ ਰਮਨਜੀਤ ਕੌਰ ਨੇ ਵੀ ਜਸ਼ਨਦੀਪ ਕੌਰ ਨੂੰ ਵਧਾਈ ਦਿੰਦਿਆਂ ਉਸ ਦੇ ਉੱਜਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਕੂਲ ਨੂੰ ਪੂਰਾ ਵਿਸ਼ਵਾਸ ਹੈ ਕਿ ਜਸ਼ਨਦੀਪ ਭਵਿੱਖ ਵਿਚ ਵੀ ਆਪਣੀ ਮਿਹਨਤ ਅਤੇ ਲਗਨ ਸਦਕਾ ਸਕੂਲ, ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਵਿਸ਼ਵ ਪੱਧਰ ‘ਤੇ ਰੌਸ਼ਨ ਕਰੇਗੀ।