02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਕੋਟ ਈਸੇ ਖਾਂ ’ਚ ਸਫ਼ਾਈ ਸੇਵਕਾਂ ਦੇ ਹੱਕ ’ਚ ਸਾਬਕਾ ਵਿਧਾਇਕ ਲੋਹਗੜ੍ਹ, ਅਕਾਲੀ ਦਲ ਹਲਕਾ ਇੰਚਾਰਜ ਮੱਖਣ ਬਰਾੜ ਤੇ ਹੋਰ ਆਗੂ ਨਿੱਤਰੇ

Ad Position 21
No active advertisement
ਅਜੀਤ ਡੈਸਕ 31-07-2026
ਕੋਟ ਈਸੇ ਖਾਂ, 30 ਜੁਲਾਈ (ਗੁਰਮੀਤ ਸਿੰਘ ਖ਼ਾਲਸਾ)-ਮਿਊਂਸੀਪਲ ਕਾਰਪੋਰੇਸ਼ਨਾਂ, ਨਗਰ ਨਿਗਮ, ਨਗਰ ਕੌਂਸਲ, ਨਗਰ ਪੰਚਾਇਤਾਂ ਆਦਿ ਵਿਚ ਕੰਮ ਕਰਨ ਵਾਲੇ ਸਫ਼ਾਈ ਸੇਵਕਾਂ, ਕੱਚੇ ਮੁਲਾਜ਼ਮਾਂ ਵਲੋਂ ਸੂਬਾ ਪੱਧਰੀ ਯੂਨੀਅਨ ਦੇ ਸੱਦੇ ‘ਤੇ ਦਿੱਤੀ ਗਈ ਬੰਦ ਦੀ ਕਾਲ ਨੂੰ ਕੋਟ ਈਸੇ ਖਾਂ ਵਿਖੇ ਵੀ ਭਰਵਾਂ ਹੁੰਗਾਰਾ ਮਿਲਿਆ। ਇੱਥੇ ਸਫ਼ਾਈ ਸੇਵਕਾਂ ਦੇ ਧਰਨੇ ਨੂੰ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਅਕਾਲੀ ਦਲ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਤੇ ਹੋਰ ਸੀਨੀਅਰ ਸਿਆਸੀ ਆਗੂ ਪੁੱਜੇ। ਇਸ ਰੋਸ ਧਰਨੇ ਦੌਰਾਨ ਜਿੱਥੇ ਸਫ਼ਾਈ ਸੇਵਕਾਂ ਤੇ ਹੋਰ ਕੱਚੇ ਮੁਲਾਜ਼ਮਾਂ ਵਲੋਂ ਸੂਬੇ ਦੀ ਭਗਵੰਤ ਮਾਨ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ, ਉੱਥੇ ਹੀ ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਕਿਹਾ ਕਿ ਨਜਾਇਜ਼ ਕਰਜ਼ੇ ਲੈ ਕੇ ਸੂਬੇ ਦੇ ਅਰਬਾਂ ਰੁਪਏ ਮਾਨ ਸਰਕਾਰ ਵਲੋਂ ਬਰਬਾਦ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਸਾਡੇ ਸਫ਼ਾਈ ਕਰਮਚਾਰੀ ਜਾਂ ਹੋਰ ਠੇਕਾ ਆਧਾਰਿਤ ਕੱਚੇ ਕਾਮੇ ਪੱਕੇ ਕਰਨ ਦੀ ਬਜਾਏ ਡਾਂਗਾਂ ਮਾਰੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇੰਨਾ ਕਾਮਿਆਂ ਨਾਲ ਡਟ ਕੇ ਖੜੀ ਹੈ। ਧਰਨੇ ਵਿਚ ਆਪਣੇ ਸਾਥੀਆਂ ਸਮੇਤ ਪੰਜਾਬ ਸਿਹਤ ਵਿਭਾਗ ਦੇ ਸਾਬਕਾ ਚੇਅਰਮੈਨ ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਪੰਜਾਬ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਹਰ ਵਰਗ ਦੇ ਮੁਲਾਜ਼ਮਾਂ ਨੂੰ ਵੱਡੇ ਪੱਧਰ ‘ਤੇ ਪੱਕਿਆਂ ਕੀਤਾ ਗਿਆ ਪਰ ਮੌਜੂਦਾ ਆਪ ਸਰਕਾਰ ਨੇ ਹੁਣ ਤੱਕ ਝੂਠ ਦੇ ਸਹਾਰੇ ਹੀ ਬੁੱਤਾ ਸਾਰਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਕਾਮਿਆਂ ਦਾ ਜੀਵਨ ਪੱਧਰ ਹੋਰ ਉੱਚਾ ਚੁੱਕਿਆ ਜਾਵੇਗਾ। ਉਕਤ ਆਗੂਆਂ ਤੋਂ ਇਲਾਵਾ ਧਾਰਮਿਕ ਸ਼ਖ਼ਸੀਅਤ ਬਾਬਾ ਸ਼ਮਸ਼ੇਰ ਸਿੰਘ ਮੁੱਖ ਸੇਵਾਦਾਰ ਸ਼੍ਰੋਮਣੀ ਨਿਹੰਗ ਸਿੰਘਾਂ ਨੇ ਆਪਣੇ ਹੋਰਨਾਂ ਸਾਥੀਆਂ ਸਮੇਤ ਧਰਨੇ ਨੂੰ ਹਮਾਇਤ ਦਿੱਤੀ। ਰੋਸ ਧਰਨੇ ਨੂੰ ਹਮਾਇਤ ਦੇਣ ਵਾਲੇ ਆਗੂਆਂ ਦਾ ਸਫ਼ਾਈ ਸੇਵਕ ਯੂਨੀਅਨ ਨੇ ਧੰਨਵਾਦ ਕੀਤਾ। ਇਸ ਰੋਸ ਧਰਨੇ ਨੂੰ ਹਮਾਇਤ ਦੇਣ ਵਾਲੇ ਹੋਰਨਾਂ ਆਗੂਆਂ ਵਿਚ ਯੂਥ ਕਾਂਗਰਸੀ ਆਗੂ ਸੋਹਣ ਸਿੰਘ ਖੇਲਾ, ਕਾਮਰੇਡ ਸੁਰਜੀਤ ਸਿੰਘ ਗਗੜਾ ਸੀ.ਪੀ.ਆਈ.(ਐਮ), ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਦਾਤੇਵਾਲ, ਅਕਾਲੀ ਦਲ ਟਰਾਂਸਪੋਰਟ ਸੈਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਗਗੜਾ, ਪ੍ਰਧਾਨ ਗੁਰਪ੍ਰੀਤ ਸਿੰਘ ਭੁੱਲਰ, ਯੂਥ ਪ੍ਰਧਾਨ ਅਮਨ ਗਾਬਾ, ਇਕਬਾਲਦੀਪ ਸਿੰਘ ਹੈਰੀ, ਬਾਬਾ ਬਲਵੰਤ ਸਿੰਘ, ਕਾਂਗਰਸ ਸ਼ਹਿਰੀ ਪ੍ਰਧਾਨ ਗੋਪਾਲ ਗਰਗ, ਅਵਤਾਰ ਸਿੰਘ ਪੀ.ਏ. ਲੋਹਗੜ੍ਹ, ਬਲਵੀਰ ਸਿੰਘ ਪਾਂਧੀ, ਲਾਡੀ ਪੁਰੀ ਤੋਂ ਇਲਾਵਾ ਧਰਨਾਕਾਰੀਆਂ ਵਿਚ ਪ੍ਰਧਾਨ ਰਵੀ ਮੇਟ, ਰਸ਼ਪਾਲ ਸਿੰਘ ਕਲਰਕ, ਰਮੇਸ਼ ਕੁਮਾਰ ਲਾਡੀ, ਸਚਿਨ ਅਰੋੜਾ, ਸੋਨੂੰ ਵਰੋਲਾ, ਸੁਖਚੈਨ ਸਿੰਘ ਚੈਨੀ, ਭਜਨ ਸਿੰਘ ਤੇ ਉਨ੍ਹਾਂ ਦੇ ਸਾਥੀ ਵੱਡੀ ਗਿਣਤੀ ‘ਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਜ਼ਦੂਰ ਜਥੇਬੰਦੀਆਂ ਨੇ ਸਫ਼ਾਈ ਕਰਮਚਾਰੀਆਂ ਦੇ ਪੰਜਾਬ ਬੰਦ ਦਾ ਕੀਤਾ ਸਮਰਥਨ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਸਫ਼ਾਈ ਸੇਵਕਾਂ ਦੀ ਹੜਤਾਲ ਨੂੰ ਪੂਰਨ ਤੌਰ ’ਤੇ ਹਮਾਇਤ
Ad Position 24
No active advertisement