ਠੱਠੀ ਭਾਈ, 31 ਜੁਲਾਈ (ਜਗਰੂਪ ਸਿੰਘ ਮਠਾੜੂ)-ਡੇਰਾ ਭੋਰੇ ਵਾਲਾ ਸੁਖਾਨੰਦ ਵਿਖੇ ਸੰਤ ਬਾਬਾ ਬਲਵੀਰ ਸਿੰਘ ਵਾਲੇ ਸਥਾਨ ‘ਤੇ ਮੁੱਖ ਸੇਵਾਦਾਰ ਮਹੰਤ ਕਮਲਜੀਤ ਸਿੰਘ ਸ਼ਾਸਤਰੀ ਦੀ ਅਗਵਾਈ ਹੇਠ ਗੁਰੂ ਪੂਰਨਮਾ ਦਾ ਪਾਵਨ ਦਿਹਾੜਾ ਬੜੀ ਸ਼ਰਧਾ, ਸਤਿਕਾਰ ਅਤੇ ਧਾਰਮਿਕ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਸਮਾਗਮ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਨਾਲ ਹੋਈ। ਇਸ ਉਪਰੰਤ ਖੁੱਲ੍ਹੇ ਪੰਡਾਲਾਂ ਵਿਚ ਸਜੇ ਧਾਰਮਿਕ ਦੀਵਾਨਾਂ ਦੌਰਾਨ ਮਹੰਤ ਕਮਲਜੀਤ ਸਿੰਘ ਸ਼ਾਸਤਰੀ ਨੇ ਗੁਰਬਾਣੀ ਦੀ ਕਥਾ-ਵਿਚਾਰ ਕਰਦਿਆਂ ਸੰਗਤਾਂ ਨੂੰ ਗੁਰੂ ਮਹਿਮਾ, ਗੁਰੂ ਪੂਰਨਿਮਾ ਦੇ ਮਹੱਤਵ ਅਤੇ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਆਪਣੇ ਪ੍ਰਵਚਨਾਂ ਵਿਚ ਕਿਹਾ ਕਿ ਮਨੁੱਖ ਦੀ ਅਸਲ ਉਚਾਈ ਧਨ-ਦੌਲਤ ਨਾਲ ਨਹੀਂ, ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਸੱਚ, ਸੇਵਾ ਅਤੇ ਸਿਮਰਨ ਵਾਲਾ ਜੀਵਨ ਜਿਊਣ ਨਾਲ ਹੁੰਦੀ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਆਪਸੀ ਭਾਈਚਾਰਾ, ਪ੍ਰੇਮ ਅਤੇ ਮਾਨਵਤਾ ਦੀ ਭਲਾਈ ਲਈ ਵੱਧ ਤੋਂ ਵੱਧ ਸੇਵਾ ਕਾਰਜ ਕਰਨ, ਲੋੜਵੰਦਾਂ ਦੀ ਮਦਦ ਕਰਨ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਮਲ ਵਿਚ ਲਿਆਉਣ। ਮਹੰਤ ਕਮਲਜੀਤ ਸਿੰਘ ਸ਼ਾਸਤਰੀ ਨੇ ਕਿਹਾ ਕਿ ਗੁਰੂ ਪੂਰਨਿਮਾ ਸਾਨੂੰ ਆਪਣੇ ਗੁਰੂ ਪ੍ਰਤੀ ਸ਼ਰਧਾ, ਸਮਰਪਣ ਅਤੇ ਸੇਵਾ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਦੀ ਬਖ਼ਸ਼ੀ ਹੋਈ ਸਿੱਖਿਆ ‘ਤੇ ਚੱਲ ਕੇ ਹੀ ਸਮਾਜ ਵਿਚ ਸ਼ਾਂਤੀ, ਏਕਤਾ ਅਤੇ ਖ਼ੁਸ਼ਹਾਲੀ ਸਥਾਪਤ ਕੀਤੀ ਜਾ ਸਕਦੀ ਹੈ। ਸਮਾਗਮ ਦੌਰਾਨ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ, ਜਿਨ੍ਹਾਂ ਵਿਚ ਸੈਂਕੜੇ ਦੀ ਗਿਣਤੀ ਵਿਚ ਸੰਗਤਾਂ ਨੇ ਪੰਗਤ ਵਿਚ ਬੈਠ ਕੇ ਪਰਸ਼ਾਦਾ ਛਕਿਆ ਅਤੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਸਮੁੱਚਾ ਮਾਹੌਲ ਧਾਰਮਿਕ ਰੰਗ ਵਿਚ ਰੰਗਿਆਂ ਹੋਇਆ ਸੀ ਅਤੇ ਸੰਗਤਾਂ ਨੇ ਗੁਰੂ ਚਰਨਾਂ ਵਿਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।