8 ਗੁਰੂ ਰਵਿਦਾਸ ਦਾ ਜ਼ਿਆਦਾ ਜੱਸ ਪੰਜਾਬ ਵਿਚ ਫੈਲਣ ਦਾ ਕਾਰਨ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ-ਡਾ. ਕੱਲਰਮਾਜਰੀ
ਮੋਗਾ, 23 ਅਗਸਤ (ਸੁਰਿੰਦਰਪਾਲ ਸਿੰਘ)-ਬਾਣੀ ਵਿਚਾਰ ਚੇਤਨਾ ਮੰਚ ਰਜਿ. ਪੰਜਾਬ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ, ਬਾਣੀ ਤੇ ਫ਼ਲਸਫ਼ੇ ਨਾਲ ਸਬੰਧਿਤ ਅੱਠਵਾਂ ਅਕਾਦਮਿਕ ਸੈਮੀਨਾਰ ਮੋਗਾ ਨੇੜਲੇ ਪਿੰਡ ਬੁੱਘੀਪੁਰਾ ਵਿਚ ਗੁਰਦੁਆਰਾ ਬੇਗਮਪੁਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲੈਫ.
ਸ
ਸੋਮਵਾਰ, 24 ਅਗਸਤ, 2026
24-08-2026
ਮੋਗਾ, 23 ਅਗਸਤ (ਸੁਰਿੰਦਰਪਾਲ ਸਿੰਘ)-ਬਾਣੀ ਵਿਚਾਰ ਚੇਤਨਾ ਮੰਚ ਰਜਿ. ਪੰਜਾਬ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ, ਬਾਣੀ ਤੇ ਫ਼ਲਸਫ਼ੇ ਨਾਲ ਸਬੰਧਿਤ ਅੱਠਵਾਂ ਅਕਾਦਮਿਕ ਸੈਮੀਨਾਰ ਮੋਗਾ ਨੇੜਲੇ ਪਿੰਡ ਬੁੱਘੀਪੁਰਾ ਵਿਚ ਗੁਰਦੁਆਰਾ ਬੇਗਮਪੁਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲੈਫ. ਕਰਨਲ ਰਿਟਾ. ਬਾਬੂ ਸਿੰਘ ਦੀ ਅਗਵਾਈ ਵਿਚ ਸਮਾਪਤ ਹੋਇਆ। ਪਟਿਆਲਾ ਤੋਂ ਪੁੱਜੇ ਐਡੀਸ਼ਨਲ ਡਾਇਰੈਕਟਰ ਰਿਟਾ. ਸਤਨਾਮ ਸਿੰਘ ਦੀ ਪ੍ਰਧਾਨਗੀ ਵਿਚ ਹੋਏ ਇਸ ਸੈਮੀਨਾਰ ਵਿਚ ਪਟਿਆਲਾ ਤੋਂ ਵਿਸ਼ੇਸ਼ ਤੌਰ ‘ਤੇ ਬਾਣੀ ਵਿਚਾਰ ਚੇਤਨਾ ਮੰਚ ਰਜਿ: ਪੰਜਾਬ ਦੇ ਪ੍ਰਧਾਨ ਗੁਰਨਾਮ ਸਿੰਘ ਅਕੀਦਾ, ਪ੍ਰਬੁੱਧ ਵਿਦਵਾਨ ਡਾ. ਗੁਰਮੀਤ ਕੱਲਰਮਾਜਰੀ, ਤੇ ਖੋਜ ਅਫ਼ਸਰ ਡਾ. ਸੰਤੋਖ ਸੁੱਖੀ ਵਿਸ਼ੇਸ਼ ਤੌਰ ‘ਤੇ ਪੁੱਜੇ। ਇਸ ਸੈਮੀਨਾਰ ਵਿਚ ਮੁੱਖ ਵਕਤਾ ਗੁਰੂ ਰਵਿਦਾਸ ਸਬੰਧੀ ਖੋਜਕਾਰ ਡਾ. ਸੁਰਜੀਤ ਸਿੰਘ ਦੌਧਰ ਨੇ ਪੇਪਰ ਪੜ੍ਹਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਾਰੇ ਬਾਣੀਕਾਰਾਂ ਦੀ ਬਾਣੀ ਵਿਚ ਮਨੁੱਖਤਾ ਨੂੰ ਪ੍ਰਮੁੱਖਤਾ ਦਿੱਤੀ ਹੈ ਜਿਨ੍ਹਾਂ ਨੇ ਮਨੁੱਖ ਨੂੰ ਮਨੁੱਖ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਤੇ ਮਨੁੱਖਤਾ ਨਾਲ ਕਰੂਰਤਾ ਕੀਤੀ, ਉਨ੍ਹਾਂ ਨੂੰ ਬਾਣੀ ਵਿਚ ਬੁਰੀ ਤਰ੍ਹਾਂ ਭੰਡਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਸਮਾਨਤਾ ਤੇ ਸਮਾਜਵਾਦ ਦੀ ਗੱਲ ਕਰਦੀ ਹੈ। ਉਨ੍ਹਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਸਮੇਂ ਦੇ ਰਾਜੇ ਤੇ ਰਾਣੀਆਂ ਉਨ੍ਹਾਂ ਦੇ ਸਨਮੁੱਖ ਝੁਕੀਆਂ ਤੇ ਉਨ੍ਹਾਂ ਦੇ ਵਿਚਾਰਾਂ ਨੂੰ ਦੁਨੀਆ ਵਿਚ ਫੈਲਾਇਆ। ਇਸ ਵੇਲੇ ਸੈਮੀਨਾਰ ਦੀ ਅਗਵਾਈ ਕਰ ਰਹੇ ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕਿ ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਸੈਮੀਨਾਰ ਲੜੀ ਕਰਵਾਈ ਜਾ ਰਹੀ ਹੈ। ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਬਾਰੇ ਵੀ ਅਕਾਦਮਿਕ ਸੈਮੀਨਾਰ ਕਰਵਾਏ ਜਾਣਗੇ। ਇਸ ਵੇਲੇ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਡਾ. ਗੁਰਮੀਤ ਕੱਲਰਮਾਜਰੀ ਨੇ ਕਿਹਾ ਗੁਰੂ ਰਵਿਦਾਸ ਜੀ ਨੇ ਪੰਜਾਬ ਵਿਚ ਵੱਖ-ਵੱਖ ਥਾਵਾਂ ‘ਤੇ ਯਾਤਰਾਵਾਂ ਕਰ ਕੇ ਮਨੁੱਖਤਾ ਦਾ ਸੰਦੇਸ਼ ਦਿੱਤਾ। ਪੰਜਾਬ ਵਿਚ ਗੁਰੂ ਰਵਿਦਾਸ ਜੀ ਦਾ ਜੱਸ ਇਸ ਕਰ ਕੇ ਜ਼ਿਆਦਾ ਫੈਲਿਆ ਕਿਉਂਕਿ ਉਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਜ ਬਾਣੀਕਾਰਾਂ ਨਾਲ ਸਬੰਧਿਤ ਅਕਾਦਮਿਕ ਸੈਮੀਨਾਰ ਕਰਾਉਣੇ ਚਾਹੀਦੇ ਹਨ। ਇਸ ਵੇਲੇ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਸਤਨਾਮ ਸਿੰਘ ਐਡੀਸ਼ਨਲ ਡਾਇਰੈਕਟਰ ਭਾਸ਼ਾ ਵਿਭਾਗ ਨੇ ਕਿਹਾ ਕਿ ਗੁਰੂ ਰਵਿਦਾਸ ਦੇ ਜੀਵਨ ਦੇ ਫ਼ਲਸਫ਼ੇ ਦੀ ਮਿਸਾਲ ਸਾਰੇ ਪੰਜਾਬ ਵਿਚ ਸੈਮੀਨਾਰਾਂ ਦੇ ਰੂਪ ਵਿਚ ਆ ਰਹੀ ਹੈ। ਇਸ ਦਾ ਸਵਾਗਤ ਕਰਨਾ ਸਾਡਾ ਸਭਾ ਦਾ ਫ਼ਰਜ਼ ਹੈ। ਇਸ ਵੇਲੇ ਭਾਸ਼ਾ ਵਿਭਾਗ ਦੇ ਖੋਜ ਅਫ਼ਸਰ ਡਾ. ਸੰਤੋਖ ਸਿੰਘ ਨੇ ਗੁਰੂ ਰਵਿਦਾਸ ਨਾਲ ਸਬੰਧਿਤ ਕਵਿਤਾ ਪੜ੍ਹੀ। ਇਸ ਵੇਲੇ ਜ਼ਿਲ੍ਹਾ ਮੋਗਾ ਵਿਚੋਂ ਮੈਟ੍ਰਿਕ ਵਿਚ ਟਾਪ ਦੇ ਆਈ ਬੇਟੀ ਹਰਜਸਪ੍ਰੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਡਾ. ਅੰਬੇਡਕਰ ਮਿਸ਼ਨ ਭਾਰਤ ਵਲੋਂ ਪ੍ਰਧਾਨ ਸੂਬੇਦਾਰ ਬਲਦੇਵ ਸਿੰਘ ਸੁਖਾਨੰਦ ਤੇ ਸਾਥੀਆਂ ਵਲੋਂ ਵੀ ਸਨਮਾਨ ਕੀਤਾ ਗਿਆ। ਸੈਮੀਨਾਰ ਦੇ ਅਖੀਰ ਵਿਚ ਬਾਣੀ ਵਿਚਾਰ ਚੇਤਨਾ ਮੰਚ ਰਜਿ: ਪੰਜਾਬ ਵਲੋਂ ਕਰਨਲ ਬਾਬੂ ਸਿੰਘ ਵਲੋਂ ਸੈਮੀਨਾਰ ’ਚ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਸੈਮੀਨਾਰ ਦੀ ਸਫਲਤਾ ਲਈ ਸਾਰਿਆਂ ਦਾ ਧੰਨਵਾਦ ਕੀਤਾ।