ਐਸ.ਬੀ.ਬੀ.ਐਸ. ਪਬਲਿਕ ਸਕੂਲ ਸੁਖਾਨੰਦ ’ਚ ਰੱਖੜੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਠੱਠੀ ਭਾਈ, 29 ਅਗਸਤ (ਜਗਰੂਪ ਸਿੰਘ ਮਠਾੜੂ)-ਐਸ. ਬੀ.
ਠੱਠੀ ਭਾਈ, 29 ਅਗਸਤ (ਜਗਰੂਪ ਸਿੰਘ ਮਠਾੜੂ)-ਐਸ.ਬੀ.ਬੀ.ਐਸ. ਪਬਲਿਕ ਸਕੂਲ ਸੁਖਾਨੰਦ ਵਿਖੇ ਰੱਖੜੀ ਦਾ ਤਿਉਹਾਰ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਰੱਖੜੀ ਦੇ ਤਿਉਹਾਰ ਨੂੰ ਸਮਰਪਿਤ ਵੱਖ-ਵੱਖ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਭਾਗ ਲਿਆ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਕਵਿਤਾਵਾਂ, ਗੀਤਾਂ ਅਤੇ ਹੋਰ ਸਭਿਆਚਾਰਕ ਪੇਸ਼ਕਾਰੀਆਂ ਰਾਹੀਂ ਰੱਖੜੀ ਦੇ ਤਿਉਹਾਰ ਦੀ ਮਹੱਤਤਾ ਨੂੰ ਉਜਾਗਰ ਕੀਤਾ। ਇਸ ਮੌਕੇ ਨਰਸਰੀ ਜਮਾਤ ਦੇ ਨੰਨ੍ਹੇ-ਮੁੰਨੇ ਬੱਚਿਆਂ ਵਲੋਂ ਰੱਖੜੀ, ਰੰਗ ਭਰਨ (ਕਲਰਿੰਗ) ਅਤੇ ਚਾਰਟ ਬਣਾਉਣ ਦੀ ਗਤੀਵਿਧੀ ਕੀਤੀ ਗਈ। ਛੋਟੇ-ਛੋਟੇ ਬੱਚਿਆਂ ਨੇ ਆਪਣੀ ਕਲਾ ਅਤੇ ਸਿਰਜਣਾਤਮਿਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੁੰਦਰ ਰੱਖੜੀਆਂ ਅਤੇ ਚਾਰਟ ਤਿਆਰ ਕੀਤੇ। ਸਕੂਲ ਦੇ ਐਲ.ਕੇ.ਜੀ. ਅਤੇ ਯੂ.ਕੇ.ਜੀ. ਜਮਾਤ ਦੇ ਬੱਚਿਆਂ ਵਲੋਂ ਵੀ ਵੱਖ-ਵੱਖ ਤਰ੍ਹਾਂ ਦੀਆਂ ਰਚਨਾਤਮਿਕ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਵਿਚ ਬੱਚਿਆਂ ਨੇ ਆਪਣੀ ਕਲਾ ਅਤੇ ਸੋਚ ਦਾ ਸੁੰਦਰ ਪ੍ਰਦਰਸ਼ਨ ਕੀਤਾ। ਇਨ੍ਹਾਂ ਗਤੀਵਿਧੀਆਂ ਨੇ ਵਿਦਿਆਰਥੀਆਂ ਅੰਦਰ ਭਾਈ-ਭੈਣ ਦੇ ਪਿਆਰ, ਸਨੇਹ ਅਤੇ ਆਪਸੀ ਸਾਂਝ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ। ਇਸ ਮੌਕੇ ਸਕੂਲ ਦੀ ਡਾਇਰੈਕਟਰ ਮੈਡਮ ਨੇ ਸਮੂਹ ਬੱਚਿਆਂ ਨੂੰ ਰੱਖੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਰੱਖੜੀ ਸਿਰਫ਼ ਇਕ ਤਿਉਹਾਰ ਨਹੀਂ, ਸਗੋਂ ਭੈਣ-ਭਰਾ ਦੇ ਪਵਿੱਤਰ ਪਿਆਰ, ਵਿਸ਼ਵਾਸ ਅਤੇ ਰਿਸ਼ਤੇ ਦੀ ਮਜ਼ਬੂਤੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਆਪਣੇ ਸਭਿਆਚਾਰ ਅਤੇ ਤਿਉਹਾਰਾਂ ਨਾਲ ਜੋੜ ਕੇ ਰੱਖਣਾ ਬੇਹੱਦ ਜ਼ਰੂਰੀ ਹੈ। ਸਕੂਲ ਪ੍ਰਬੰਧਕ ਕਮੇਟੀ ਆਗੂਆਂ ਬਾਬਾ ਜਗਦੇਵ ਸਿੰਘ ਜੱਗਾ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਸਮੇਂ-ਸਮੇਂ ‘ਤੇ ਅਜਿਹੀਆਂ ਰਚਨਾਤਮਿਕ ਅਤੇ ਸਭਿਆਚਾਰਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਤਾਂ ਜੋ ਬੱਚਿਆਂ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਿਆ ਜਾ ਸਕੇ। ਸਮਾਗਮ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚ ਖ਼ੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ।