ਡਾ. ਸ਼ਾਮ ਲਾਲ ਥਾਪਰ ਕਾਲਜ ਆਫ਼ ਨਰਸਿੰਗ ਵਿਖੇ ਅਧਿਆਪਕ ਦਿਵਸ ਮਨਾਇਆ
ਮੋਗਾ, 5 ਸਤੰਬਰ (ਸੁਰਿੰਦਰਪਾਲ ਸਿੰਘ)-ਅੱਜ ਡਾ. ਸ਼ਾਮ ਲਾਲ ਥਾਪਰ ਕਾਲਜ ਆਫ਼ ਨਰਸਿੰਗ ਮੋਗਾ ਦੇ ਰਾਜੀਵ ਗਾਂਧੀ ਆਡੀਟੋਰੀਅਮ ਅੰਦਰ ਅਧਿਆਪਕ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
ਮੋਗਾ, 5 ਸਤੰਬਰ (ਸੁਰਿੰਦਰਪਾਲ ਸਿੰਘ)-ਅੱਜ ਡਾ. ਸ਼ਾਮ ਲਾਲ ਥਾਪਰ ਕਾਲਜ ਆਫ਼ ਨਰਸਿੰਗ ਮੋਗਾ ਦੇ ਰਾਜੀਵ ਗਾਂਧੀ ਆਡੀਟੋਰੀਅਮ ਅੰਦਰ ਅਧਿਆਪਕ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਚੇਅਰਪਰਸਨ ਡਾ. ਮਾਲਤੀ ਥਾਪਰ, ਮੈਨੇਜਿੰਗ ਡਾਇਰੈਕਟਰ ਡਾ. ਪਵਨ ਥਾਪਰ ਅਤੇ ਚੰਦਰ ਮਾਣਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਦੀ ਪ੍ਰਿੰਸੀਪਲ ਡਾ. ਸੁਨੀਤਾ ਜੋਸਫ਼ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਸਮਾਰੋਹ ਦੌਰਾਨ ਵਿਦਿਆਰਥੀਆਂ ਵਲੋਂ ਅਧਿਆਪਕਾਂ ਦੇ ਸਨਮਾਨ ਵਿਚ ਭਾਸ਼ਣ ਪੇਸ਼ ਕੀਤੇ ਗਏ। ਵਿਦਿਆਰਥੀਆਂ ਨੇ ਆਪਣੇ ਭਾਸ਼ਣਾਂ ਰਾਹੀਂ ਅਧਿਆਪਕਾਂ ਦੀ ਜ਼ਿੰਦਗੀ ਵਿਚ ਮਹੱਤਵਪੂਰਨ ਭੂਮਿਕਾ ਅਤੇ ਉਨ੍ਹਾਂ ਵਲੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਲਈ ਕੀਤੇ ਜਾਂਦੇ ਯਤਨਾਂ ਨੂੰ ਉਜਾਗਰ ਕੀਤਾ। ਇਸ ਮੌਕੇ ਵਿਦਿਆਰਥੀਆਂ ਵਲੋਂ ਮਨਮੋਹਕ ਡਾਂਸ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ। ਮੁੱਖ ਮਹਿਮਾਨ ਡਾ. ਮਾਲਤੀ ਥਾਪਰ ਅਤੇ ਚੰਦਰ ਮਾਣਕ ਨੇ ਵਿਦਿਆਰਥੀਆਂ ਨੂੰ ਅਧਿਆਪਕਾਂ ਦਾ ਸਤਿਕਾਰ ਕਰਨ ਅਤੇ ਆਪਣੇ ਜੀਵਨ ਵਿਚ ਅਨੁਸ਼ਾਸਨ, ਮਿਹਨਤ ਅਤੇ ਸਮਰਪਣ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਕ ਚੰਗਾ ਅਧਿਆਪਕ ਵਿਦਿਆਰਥੀਆਂ ਨੂੰ ਸਿਰਫ਼ ਸਿੱਖਿਆ ਹੀ ਨਹੀਂ ਦਿੰਦਾ, ਸਗੋਂ ਉਨ੍ਹਾਂ ਨੂੰ ਇਕ ਚੰਗਾ ਇਨਸਾਨ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਵੀ ਪ੍ਰੇਰਿਤ ਕਰਦਾ ਹੈ। ਪ੍ਰਿੰਸੀਪਲ ਡਾ. ਸੁਨੀਤਾ ਜੋਸਫ਼ ਨੇ ਸਮੂਹ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਵਿਦਿਆਰਥੀਆਂ ਵਲੋਂ ਕੀਤੀਆਂ ਗਈਆਂ ਸ਼ਾਨਦਾਰ ਪੇਸ਼ਕਾਰੀਆਂ ਦੀ ਪ੍ਰਸ਼ੰਸਾ ਕੀਤੀ। ਇਹ ਸਮਾਰੋਹ ਅਧਿਆਪਕਾਂ ਪ੍ਰਤੀ ਸਨਮਾਨ ਅਤੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦਾ ਸੁੰਦਰ ਉਪਰਾਲਾ ਸਾਬਤ ਹੋਇਆ।