ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ ਵਿਖੇ ਬਰਸੀ ਅਤੇ ਯੱਗ ਸਮਾਗਮ ਕਰਵਾਇਆ
ਬੱਧਨੀ ਕਲਾਂ, 28 ਸਤੰਬਰ (ਸੰਜੀਵ ਕੋਛੜ)-ਸ੍ਰੀ ਮਾਨ 108 ਸੁਆਮੀ ਮਹੇਸ਼ ਮੁਨੀ ਬੋਰੇ ਵਾਲੇ ਅਤੇ ਸ੍ਰੀ ਮਾਨ ਸੰਤ ਬਲਵੀਰ ਸਿੰਘਰਣੀਏ ਵਾਲਿਆਂ ਦੀ ਯਾਦ ਨੂੰ ਸਮਰਪਿਤ 15 ਰੋਜ਼ਾ ਸਾਲਾਨਾ ਬਰਸੀ ਅਤੇ ਯੱਗ ਸਮਾਗਮ ’ਚ ਹਰ ਰੋਜ਼ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ’ਚ ਸੰਗਤਾਂ ਨਤਮਸਤਕ ਹੋ ਰਹੀਆਂ ਹਨ | ਸੇਵਾਦਾਰਾਂ ਵਲੋਂ ਨਿਸ਼ਕਾਮ ਸੇਵਾਵਾਂ ਅਤੇ ਆਪਣੀਆਂ ਡਿਉੂਟੀਆਂ ਬਾਖੂਬੀ ਨਿਭਾਈਆਂ ਜਾ ਰਹੀਆਂ ਹਨ| ਚੱਲ ਰਹੇ ਇਸ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਵਲੋਂ ਲਗਾਤਾਰ ਪਾਠ ਅਤੇ ਜਾਪੁ ਕੀਤੇ ਜਾ ਰਹੇ ਹਨ| ਕਵੀਸ਼ਰੀ, ਰਾਗੀ ਤੇ ਢਾਡੀ ਜਥਿਆਂ ਵਲੋਂ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਹੈ| ਇਸ ਸਮਾਗਮ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਦੂਰ ਦੁਰਾਡੇ ਤੋਂ ਵੱਡੀ ਗਿਣਤੀ ’ਚ ਸੰਤਾਂ-ਮਹਾਪੁਰਸ਼ਾਂ ਦੀਆਂ ਮੰਡਲੀਆਂ ਸੰਤ ਆਸ਼ਰਮ ਵਿਖੇ ਪਹੁੰਚ ਚੁੱਕੀਆਂ ਹਨ ਅਤੇ ਹੋਰ ਵੀ ਮੰਡਲੀਆਂ ਲਗਾਤਾਰ ਪਹੁੰਚ ਰਹੀਆਂ ਹਨ, ਜਿਨ੍ਹਾਂ ਦੇ ਰਹਿਣ ਸਹਿਣ, ਖਾਣ ਪੀਣ ਦਾ ਪੂਰਾ ਪ੍ਰਬੰਧ ਆਸ਼ਰਮ ਵਲੋਂ ਕੀਤਾ ਗਿਆ ਹੈ| ਇਸ ਸਬੰਧ ’ਚ 2 0 ਸਤੰਬਰ ਤੋਂ ਪ੍ਰਕਾਸ਼ ਕਰਵਾਏ ਗਏ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਦੇ ਭੋਗ 4 ਅਕਤੂਬਰ ਦਿਨ ਐਤਵਾਰ ਨੂੰ ਪਾਉਣ ਉਪਰੰਤ ਵਿਸ਼ਾਲ ਸੰਤ ਸਮਾਗਮ ਹੋਵੇਗਾ| ਜਿਸ ਦੌਰਾਨ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰੀ, ਕੀਰਤਨੀ ਜਥੇ ਜਿੱਥੇ ਸ਼ਬਦ ਕੀਰਤਨ ਰਾਹੀਂ ਨਿਹਾਲ ਕਰਨਗੇ, ਉੱਥੇ ਹੀ ਪਹੁੰਚੇ ਹੋਏ ਵਿਦਵਾਨ ਤੇ ਸੰਤ ਮਹਾਂਪੁਰਸ਼ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨਗੇ| ਇਨ੍ਹਾਂ ਸਮਾਗਮਾਂ ਉਪਰੰਤ ਮਹਾਂਪੁਰਸ਼ਾਂ ਦੀ ਯਾਦ ਵਿਚ ਹਰੇ ਰਾਮ ਆਸ਼ਰਮ ਕਨਖਲ ਹਰਿਦੁਆਰ ਵਿਖੇ 6 ਅਕਤੂਬਰ ਦਿਨ ਮੰਗਲਵਾਰ ਤੋਂ 12 ਅਕਤੂਬਰ ਦਿਨ ਸੋਮਵਾਰ ਤੱਕ ਸੰਤ ਸਮਾਗਮ ਤੇ ਵਿਸ਼ਾਲ ਭੰਡਾਰਾ ਕਰਵਾਇਆ ਜਾਵੇਗਾ| ਇਸ ਸਬੰਧ ’ਚ ਪ੍ਰਕਾਸ਼ ਕੀਤੇ ਗਏ ਪਾਠਾਂ ਦੇ ਭੋਗ 12 ਅਕਤੂਬਰ ਦਿਨ ਸੋਮਵਾਰ ਨੂੰ ਹੀ ਪਾਏ ਜਾਣਗੇ|