ਇੰਡੀਆ ਗੱਠਜੋੜ ਦੇ ਸੱਦੇ ’ਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਹਰੀ ਸਿੰਘ ਖਾਈ ਦੀ ਅਗਵਾਈ ਵਿਚ ਹੋਈ ਮੀਟਿੰਗ
8 ਅਕਤੂਬਰ ਨੂੰ ਮੋਗਾ ਵਿਚ ਹੋਵੇਗਾ ਰੋਸ ਪ੍ਰਦਰਸ਼ਨ
ਮੋਗਾ, 5 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਅੱਜ ਐਸ. ਆਰ.
ਮੋਗਾ, 5 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਅੱਜ ਐਸ.ਆਰ.ਆਈ. ਦੇ ਮੁੱਦੇ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਦੇ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਦੀ ਅਗਵਾਈ ਵਿਚ ਇਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ, ਸੀ.ਪੀ.ਐਮ. ਦੇ ਸੁਰਜੀਤ ਸਿੰਘ ਗਗੜਾ, ਕਾਮਰੇਡ ਡਾਕਟਰ ਇੰਦਰਵੀਰ ਸਿੰਘ ਗਿੱਲ, ਸਿਵਲ ਸੁਸਾਇਟੀ ਤੋਂ ਅਜੇ ਸੂਦ ਗੋਰਾ, ਮਨਿੰਦਰ ਸਿੰਘ ਬੇਦੀ, ਲੱਕੀ ਗਿੱਲ, ਮਹਿੰਦਰਪਾਲ ਲੂੰਬਾ, ਪ੍ਰਿੰਸੀਪਲ ਪੂਰਨ ਸਿੰਘ ਸੰਧੂ, ਕਾਮਰੇਡ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ ਆਦਿ ਹਾਜ਼ਰ ਸਨ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਨੇ ਕਿਹਾ ਕਿ ਅੱਜ ਦੇਸ਼ ਦੀ ਕੇਂਦਰ ਵਿਚ ਹੁਕਮਰਾਨ ਪਾਰਟੀ ਭਾਜਪਾ ਲੋਕਾਂ ਦੇ ਹੱਕਾਂ ‘ਤੇ ਡਾਕੇ ਮਾਰ ਰਹੀ ਹੈ ਅਤੇ ਜੋ ਐਸ.ਆਰ.ਆਈ. ਕਰਵਾਈ ਗਈ ਹੈ ਉਸ ਵਿਚ ਹੋਈਆਂ ਬੇਨਿਯਮੀਆਂ ਦੇ ਖ਼ਿਲਾਫ਼ ਕੁੱਲ ਹਿੰਦ ਕਾਂਗਰਸ ਦੇ ਕੌਮੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਆਪਣੀ ਆਵਾਜ਼ ਉਠਾਈ ਹੈ ਅਤੇ ਅੱਜ ਰਾਹੁਲ ਗਾਂਧੀ ਨਾਲ ਹੋਰ ਦੂਸਰੀਆਂ ਪਾਰਟੀਆਂ ਵੀ ਸਮਰਥਨ ‘ਤੇ ਆ ਗਈਆਂ ਹਨ ਅਤੇ ਭਾਜਪਾ ਦੀਆਂ ਦੇਸ਼ ਵਿਰੋਧੀ ਨੀਤੀਆਂ ਖ਼ਿਲਾਫ਼ ਇਕ ਜਨ ਅੰਦੋਲਨ ਦਾ ਬਿਗਲ ਵਜਾ ਦਿੱਤਾ ਹੈ ਅਤੇ 8 ਅਕਤੂਬਰ ਨੂੰ ਮੋਗਾ ਵਿਚ ਭਾਜਪਾ ਦੀ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜੋ ਕਿ 11 ਵਜੇ ਦੇ ਕਰੀਬ ਸਥਾਨਕ ਸ਼ਹਿਰ ਦੇ ਨਹਿਰੂ ਪਾਰਕ ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਸੀ.ਪੀ.ਆਈ. ਆਗੂ ਕੁਲਦੀਪ ਸਿੰਘ ਭੋਲਾ ਨੇ ਕਿਹਾ ਕਿ ਭਾਜਪਾ ਨੇ ਦੇਸ਼ ਅੰਦਰ ਲੋਕਤੰਤਰ ਦਾ ਘਾਣ ਕੀਤਾ ਹੈ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜੋ ਦੇਸ਼ ਵਾਸੀਆਂ ਨੂੰ ਵੋਟ ਦਾ ਅਧਿਕਾਰ ਮਿਲਿਆ ਸੀ ਉਸ ਨੂੰ ਵੀ ਖੋਹਿਆ ਜਾ ਰਿਹਾ ਹੈ ਅਤੇ ਐਸ.ਆਰ.ਆਈ. ਦੇ ਜ਼ਰੀਏ ਦੇਸ਼ ਵਿਚ 13 ਕਰੋੜ ਲੋਕਾਂ ਕੋਲੋਂ ਵੋਟ ਦਾ ਹੱਕ ਖੋਹ ਲਿਆ ਹੈ ਅਤੇ ਹੋਰ ਵੀ ਖੋਹਿਆ ਜਾ ਰਿਹਾ ਹੈ ਅਤੇ ਰਾਜਾਂ ਵਿਚ ਈ.ਵੀ.ਐਮ. ਦੀ ਦੁਰਵਰਤੋਂ ਕਰ ਕੇ ਸੂਬਾਈ ਸਰਕਾਰਾਂ ‘ਤੇ ਕਬਜ਼ਾ ਕੀਤਾ ਜਾ ਰਿਹਾ ਹੈ ਅਤੇ ਇਸ ਵਿਚ ਮੁੱਖ ਚੋਣ ਕਮਿਸ਼ਨਰ ਭਾਰਤ ਗਿਆਨੇਸ ਕੁਮਾਰ ਮੁੱਖ ਸਾਜਿਸ਼ਕਰਤਾ ਹਨ ਅਤੇ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ ਅਤੇ ਜੇਕਰ ਉਨ੍ਹਾਂ ਅਸਤੀਫ਼ਾ ਨਾ ਦਿੱਤਾ ਤਾਂ ਇੰਡੀਆ ਗੱਠਜੋੜ ਪੂਰੇ ਦੇਸ਼ ਵਿਚ ਅੰਦੋਲਨ ਛੇੜੇਗਾ। ਇਸ ਮੌਕੇ ਸੀ.ਪੀ.ਐਮ. ਦੇ ਸੁਰਜੀਤ ਸਿੰਘ ਗਗੜਾ ਅਤੇ ਸਿਵਲ ਸੁਸਾਇਟੀ ਮੋਗਾ ਤੋਂ ਅਜੇ ਸੂਦ ਗੋਰਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।