ਮੋਗਾ, 12 ਅਕਤੂਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਮੋਗਾ ਦੀ ਨਵੀਂ ਦਾਣਾ ਮੰਡੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਖੇਤੀਬਾੜੀ ਵਪਾਰ ਨੂੰ ਸੁਖਾਲਾ ਬਣਾਉਣ ਦੀ ਦਿਸ਼ਾ ਵਿਚ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵਲੋਂ ਅਹਿਮ ਪਹਿਲ ਕਦਮੀ ਕੀਤੀ ਗਈ ਹੈ। ਉਨ੍ਹਾਂ ਨੇ ਦਾਣਾ ਮੰਡੀ ਵਿਚ 1 ਕਰੋੜ 17 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਮੰਡੀ ਭਵਨ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ, ਪੰਜਾਬ ਮੰਡੀ ਬੋਰਡ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਕਿਸਾਨ ਤੇ ਆੜ੍ਹਤੀ ਹਾਜ਼ਰ ਸਨ। ਨੀਂਹ ਪੱਥਰ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮੋਗਾ ਦੀ ਦਾਣਾ ਮੰਡੀ ਖੇਤਰ ਦੀ ਖੇਤੀਬਾੜੀ ਆਰਥਿਕਤਾ ਦਾ ਅਹਿਮ ਕੇਂਦਰ ਹੈ। ਲੰਮੇ ਸਮੇਂ ਤੋਂ ਇੱਥੇ ਆਉਣ ਵਾਲੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਰਸਮੀ ਮੀਟਿੰਗਾਂ, ਪ੍ਰਸ਼ਾਸਨਿਕ ਕੰਮਾਂ ਅਤੇ ਵਪਾਰਕ ਗਤੀਵਿਧੀਆਂ ਲਈ ਇਕ ਸੁਚੱਜੇ ਅਤੇ ਸਹੂਲਤਾਂ ਨਾਲ ਲੈਸ ਭਵਨ ਦੀ ਲੋੜ ਮਹਿਸੂਸ ਹੋ ਰਹੀ ਸੀ। ਇਸ ਲੋੜ ਨੂੰ ਧਿਆਨ ਵਿਚ ਰੱਖਦਿਆਂ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਆਧੁਨਿਕ ਭਵਨ ਦੀ ਉਸਾਰੀ ਲਈ 1.17 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਸਬੰਧਿਤ ਵਿਭਾਗ ਅਤੇ ਠੇਕੇਦਾਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਸਾਰੀ ਦੇ ਕੰਮ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕੀਤੇ ਬਿਨਾਂ ਇਸ ਨੂੰ ਨਿਰਧਾਰਿਤ ਇਕ ਸਾਲ ਦੀ ਸਮਾਂ-ਸੀਮਾ ਅੰਦਰ ਮੁਕੰਮਲ ਕੀਤਾ ਜਾਵੇ। ਵਿਧਾਇਕ ਡਾ. ਅਰੋੜਾ ਨੇ ਨਵੇਂ ਭਵਨ ਦੀ ਰੂਪ-ਰੇਖਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਵਿਚ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੀਟਿੰਗਾਂ ਅਤੇ ਆਪਸੀ ਵਿਚਾਰ-ਵਟਾਂਦਰੇ ਲਈ ਇਕ ਵੱਡਾ ਹਾਲ ਬਣਾਇਆ ਜਾਵੇਗਾ। ਮੰਡੀ ਨਾਲ ਸਬੰਧਿਤ ਪ੍ਰਸ਼ਾਸਨਿਕ ਕੰਮਾਂ ਅਤੇ ਸਮਾਜਿਕ ਸਮਾਗਮਾਂ ਲਈ ਵੀ ਸਾਰੀਆਂ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਫ਼ਸਲਾਂ ਦੀ ਖ਼ਰੀਦ ਦੇ ਸੀਜ਼ਨ ਦੌਰਾਨ ਦੂਰ-ਦੁਰਾਡੇ ਤੋਂ ਆਪਣੀ ਉਪਜ ਲੈ ਕੇ ਆਉਣ ਵਾਲੇ ਕਿਸਾਨਾਂ ਦੇ ਆਰਾਮ ਅਤੇ ਹੋਰ ਜ਼ਰੂਰੀ ਸਹੂਲਤਾਂ ਲਈ ਵੀ ਢੁਕਵੇਂ ਪ੍ਰਬੰਧ ਕੀਤੇ ਜਾਣਗੇ। ਇਸ ਭਵਨ ਦੇ ਬਣਨ ਨਾਲ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਇਕੋ ਛੱਤ ਹੇਠ ਬਿਹਤਰ ਸਹੂਲਤਾਂ ਮਿਲਣਗੀਆਂ ਅਤੇ ਮੰਡੀ ਦੇ ਕੰਮਕਾਜ ਨੂੰ ਹੋਰ ਸੁਚੱਜੇ ਢੰਗ ਨਾਲ ਚਲਾਉਣ ਵਿਚ ਮਦਦ ਮਿਲੇਗੀ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਅਤੇ ਹਾਜ਼ਰ ਆੜ੍ਹਤੀਆਂ ਨੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਵੇਂ ਮੰਡੀ ਭਵਨ ਦੀ ਉਸਾਰੀ ਨਾਲ ਮੰਡੀ ਦਾ ਕੰਮਕਾਜ ਪਹਿਲਾਂ ਨਾਲੋਂ ਵਧੇਰੇ ਸੁਚੱਜੇ ਅਤੇ ਸੁਚਾਰੂ ਢੰਗ ਨਾਲ ਚੱਲੇਗਾ। ਉਨ੍ਹਾਂ ਇਸ ਪ੍ਰੋਜੈਕਟ ਨੂੰ ਜ਼ਿਲ੍ਹੇ ਦੇ ਵਪਾਰ ਅਤੇ ਕਿਸਾਨਾਂ ਦੀ ਭਲਾਈ ਲਈ ਇਕ ਅਹਿਮ ਕਦਮ ਕਰਾਰ ਦਿੱਤਾ।
ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਮੋਗਾ ਦਾਣਾ ਮੰਡੀ ਵਿਚ ਬਣਨ ਵਾਲੇ ਆਧੁਨਿਕ ਮੰਡੀ ਭਵਨ ਦਾ ਨੀਂਹ-ਪੱਥਰ ਰੱਖਿਆ
ਮੋਗਾ, 12 ਅਕਤੂਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਮੋਗਾ ਦੀ ਨਵੀਂ ਦਾਣਾ ਮੰਡੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਖੇਤੀਬਾੜੀ ਵਪਾਰ ਨੂੰ ਸੁਖਾਲਾ ਬਣਾਉਣ ਦੀ ਦਿਸ਼ਾ ਵਿਚ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵਲੋਂ ਅਹਿਮ ਪਹਿਲ ਕਦਮੀ ਕੀਤੀ ਗਈ ਹੈ।
ਅਜੀਤ ਡੈਸਕ
13-10-2026