ਸੰਗਰੂਰ, 1 ਜਨਵਰੀ (ਅਮਨਦੀਪ ਸਿੰਘ ਬਿੱਟਾ)- ਬਲਾਕ ਕਾਂਗਰਸ ਦੇ ਪ੍ਰਧਾਨ ਸ੍ਰੀ ਰੌਕੀ ਬਾਂਸਲ ਅਤੇ ਪੰਜਾਬ ਕਾਂਗਰਸ ਦੇ ਆਗੂ ਕੌਂਸਲਰ ਸੁਰਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਇਸ ਵੇਲੇ ਸੰਗਰੂਰ ਸ਼ਹਿਰ ਵਿਚ ਬੇਸਹਾਰਾ ਪਸ਼ੂਆਂ ਅਤੇ ਕੁੱਤਿਆਂ ਨੇ ਜੋ ਕਹਿਰ ਮਚਾਇਆ ਹੋਇਆ ਹੈ,ਉਸ ਨਾਲ ਸੰਗਰੂਰ ਨਿਵਾਸੀ ਬੇਹੱਦ ਪ੍ਰੇਸ਼ਾਨੀ ਦੇ ਹਾਲਤਾਂ ਵਿਚੋਂ ਲੰਘ ਰਹੇ ਹਨ | ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਬੇਸਹਾਰਾ ਪਸ਼ੂ ਅਤੇ ਕੁੱਤੇ ਜੋ ਆਪਸ ਵਿਚ ਲੜਦੇ ਭਿੜਦੇ ਰੋਜ਼ਾਨਾ ਬਾਜ਼ਾਰਾਂ 'ਚ ਹਾਦਸਿਆਂ ਦਾ ਕਾਰਨ ਬਣ ਰਹੇ ਹਨ, ਉੱਥੇ ਕੁੱਤੇ ਕਈ ਵਾਰ ਛੋਟੇ ਬੱਚਿਆਂ ਅਤੇ ਸਕੂਲ ਆਉਣ ਜਾਣ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਰਾਹਗੀਰਾਂ ਲਈ ਵੀ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ | ਪ੍ਰਸ਼ਾਸਨ ਤੋਂ ਮੰਗ ਕਰਦਿਆਂ ਉਨ੍ਹਾਂ ਇਸ ਮਸਲੇ ਦਾ ਜਲਦ ਹੱਲ ਕਰਨ ਦੀ ਗੁਹਾਰ ਲਗਾਈ ਹੈ | ਉਨ੍ਹਾਂ ਇਹ ਵੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸਬੰਧੀ ਜਲਦ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਵੱਡਾ ਧਰਨਾ, ਮੁਜ਼ਾਹਰਾ ਕਰਨ ਲਈ ਮਜਬੂਰ ਹੋਣਗੇ |