ਭਵਾਨੀਗੜ੍ਹ, 1 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)- ਬੀਤੀ ਦੇਰ ਰਾਤ ਨਾਭਾ ਨੂੰ ਜਾ ਰਹੀ ਇੱਕ ਕਾਰ ਬੇਕਾਬੂ ਹੋ ਕੇ ਖਤਾਨਾਂ 'ਤੇ ਖੜੇ ਦਰੱਖ਼ਤ ਵਿਚ ਵੱਜਣ ਕਾਰਨ ਕਾਰ ਨੂੰ ਅੱਗ ਲੱਗ ਜਾਣ ਕਾਰਨ ਇਕ ਵਿਅਕਤੀ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਅਤੇ ਕਾਰ ਦੇ ਪੂਰੀ ਤਰ੍ਹਾਂ ਸੜ ਕੇ ਸਵਾਹ ਹੋਣ ਦੀ ਖ਼ਬਰ ਹੈ | ਨਾਭਾ ਵਾਸੀ ਸ਼ੈਰੀ ਪੁੱਤਰ ਕਾਲਾ ਰਾਮ ਨੇ ਦੱਸਿਆ ਕਿ ਉਨ੍ਹਾਂ ਦੇ 4 ਦੋਸਤ ਜੋ ਭਵਾਨੀਗੜ੍ਹ ਵਿਖੇ ਚਿਕਨ ਵੇਚਣ ਦੀ ਦੁਕਾਨ ਕਰਦੇ ਹਨ, ਬੀਤੀ ਦੇਰ ਰਾਤ ਦੁਕਾਨ ਬੰਦ ਕਰ ਕੇ ਨਾਭਾ ਆਪਣੇ ਘਰ ਜਾ ਰਹੇ ਸਨ, ਜਦੋਂ ਉਹ 'ਆਪਣੀ ਹਵੇਲੀ' ਹੋਟਲ ਲੰਘ ਕੇ ਅੱਗੇ ਗਏ ਤਾਂ ਅਚਾਨਕ ਉਨ੍ਹਾਂ ਦੀ ਕਾਰ ਦਾ ਸੰਤੁਲਨ ਵਿਗੜ ਜਾਣ ਕਾਰਨ ਕਾਰ ਦਰਖ਼ਤ ਵਿਚ ਜਾ ਵੱਜੀ, ਜਿਸ ਦੌਰਾਨ ਕਾਰ ਨੂੰ ਅੱਗ ਲੱਗ ਗਈ | ਕਾਰ ਵਿਚ ਸਫ਼ਰ ਕਰ ਰਹੇ, 4 ਵਿਅਕਤੀ, ਜਿਨ੍ਹਾਂ ਵਿਚ ਕਾਰ ਦਾ ਮਾਲਕ ਕਰਨ ਸਹੋਤਾ, ਸਿੰਮੀ, ਜਤਿਨ ਅਤੇ ਇੱਕ ਹੋਰ ਵਿਅਕਤੀ ਜਿਸ ਦੇ ਨਾਮ ਦੀ ਪੁਸ਼ਟੀ ਨਹੀਂ ਹੋ ਸਕੀ, ਨੂੰ ਬਾਹਰ ਕੱਢ ਲਿਆ ਗਿਆ | ਉਨ੍ਹਾਂ ਦੱਸਿਆ ਕਿ ਕਾਰ ਨੂੰ ਲੱਗੀ ਅੱਗ ਇੱਕ ਦਮ ਭੜਕ ਗਈ, ਜਿਸ ਵਿਚ ਕਾਰ ਲਟ-ਲਟ ਕਰ ਕੇ ਸੜ ਕੇ ਸਵਾਹ ਹੋ ਗਈ | ਇਸ ਹਾਦਸੇ ਵਿਚ ਕਾਰ ਚਾਲਕ ਜਤਿਨ ਕੁਮਾਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਇਲਾਜ ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ | ਸ਼ੈਰੀ ਨੇ ਦੱਸਿਆ ਕਿ ਇਸ ਕਾਰ ਦੇ ਪਿੱਛੇ ਉਹ ਆਪਣੀ ਵੱਖਰੀ ਕਾਰ ਵਿਚ ਜਾ ਰਹੇ ਸਨ, ਜਿਸ ਕਰਕੇ ਉਕਤ ਵਿਅਕਤੀਆਂ ਦਾ ਬਚਾ ਹੋ ਗਿਆ | ਇਸ ਸਬੰਧੀ ਕਾਂਗਰਸੀ ਆਗੂ ਗੋਲਡੀ ਕਾਕੜਾ ਨੇ ਦੱਸਿਆ ਕਿ ਇਸ ਘਟਨਾ ਬਾਰੇ ਉਨ੍ਹਾਂ ਨੂੰ ਕੋਈ ਹੋਰ ਕਾਰ ਵਾਲਾ ਜੋ ਸੜ ਰਹੀ ਕਾਰ ਦੇਖ ਕੇ ਆਇਆ ਸੀ, ਦੱਸ ਗਿਆ, ਜਿਸ ਦੀ ਸੂਚਨਾ ਉਨ੍ਹਾਂ ਸੜਕ ਸੁਰੱਖਿਆ ਫੋਰਸ ਨੂੰ ਦਿੰਦਿਆਂ, ਆਪ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਸੜ ਰਹੀ ਕਾਰ ਦੇਖੀ, ਪਰ ਕਾਰ ਚਾਲਕ ਉਸ ਤੋਂ ਪਹਿਲਾਂ ਉੱਥੋਂ ਚਲੇ ਜਾਣ ਕਾਰਨ ਉਨ੍ਹਾਂ ਨੂੰ ਕਾਰ ਸਵਾਰਾਂ ਪਤਾ ਨਾ ਲੱਗਿਆ | ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਸਹਾਇਕ ਸਬ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਉਹ ਵੀ ਮੌਕੇ 'ਤੇ ਪਹੁੰਚ ਗਏ ਸੀ, ਪਰ ਉਨ੍ਹਾਂ ਦੇ ਜਾਣ ਤੋਂ ਪਹਿਲਾਂ ਕਾਰ ਸਵਾਰ ਉਥੇ ਜਾ ਚੁੱਕੇ ਸਨ |