ਲਹਿਰਾਗਾਗਾ, 3 ਜਨਵਰੀ (ਅਸ਼ੋਕ ਗਰਗ) - ਗੁਰੂ ਨਾਨਕ ਮਿਸ਼ਨ ਵੈੱਲਫੇਅਰ ਸੋਸਾਇਟੀ ਹਰੀਗੜ੍ਹ ਦੇ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 15ਵਾਂ ਖ਼ੂਨਦਾਨ ਕੈਂਪ ਗੁਰਦੁਆਰਾ ਨਾਨਕਸਰ ਸਾਹਿਬ ਪਿੰਡ ਰਾਏਧਰਾਣਾ ਵਿਖੇ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ ਵਲੋਂ ਕੀਤਾ ਗਿਆ | ਖੰਡੇਬਾਦ ਨੇ ਗੁਰੂ ਨਾਨਕ ਮਿਸ਼ਨ ਵੈੱਲਫੇਅਰ ਸੋਸਾਇਟੀ ਅਤੇ ਪਿੰਡ ਵਾਸੀਆਂ ਦੇ ਉੱਦਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਖ਼ੂਨਦਾਨ ਸਭ ਤੋਂ ਉੱਤਮ ਸਮਾਜ ਸੇਵਾ ਹੈ | ਕਿਸੇ ਵੀ ਵਿਅਕਤੀ ਵਲੋਂ ਦਾਨ ਕੀਤਾ ਗਿਆ ਖ਼ੂਨ ਕੀਮਤੀ ਜਾਨਾਂ ਬਚਾਉਣ ਵਿਚ ਸਹਾਈ ਸਿੱਧ ਹੁੰਦਾ ਹੈ ਇਸ ਲਈ ਹਰ ਵਿਅਕਤੀ ਨੂੰ ਖ਼ੂਨਦਾਨ ਕਰਦੇ ਰਹਿਣਾ ਚਾਹੀਦਾ ਹੈ | ਉਨ੍ਹਾਂ ਕਿਹਾ ਹੈ ਕਿ ਅਜਿਹੇ ਪ੍ਰੋਗਰਾਮ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਕਰ ਕੇ ਦੇਸ਼ ਭਗਤੀ, ਸਮਾਜ ਸੇਵਾ ਵੱਲ ਪ੍ਰੇਰਿਤ ਕਰਦੇ ਹਨ | ਉਨ੍ਹਾਂ ਨੇ ਨੌਜਵਾਨਾਂ ਨੂੰ ਅਜਿਹੇ ਪ੍ਰੋਗਰਾਮਾਂ ਦਾ ਹਿੱਸਾ ਬਣਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ ਇਸ ਲਈ ਨੌਜਵਾਨਾਂ ਨੂੰ ਸਮਾਜ ਸੇਵਾ ਵੱਲ ਪ੍ਰੇਰਿਤ ਹੁੰਦਿਆਂ ਇੱਕ ਵਧੀਆ ਦੇਸ਼ ਅਤੇ ਸਮਾਜ ਦੇ ਨਿਰਮਾਣ ਵਿਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ | ਇਸ ਮੌਕੇ ਉਨ੍ਹਾਂ ਖ਼ੂਨਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਵੀ ਵੰਡੇ ਤੇ ਨੇਕ ਕਾਰਜ 'ਚ ਪਾਏ ਯੋਗਦਾਨ ਲਈ ਸਨਮਾਨਿਤ ਵੀ ਕੀਤਾ | ਕੈਂਪ ਦੌਰਾਨ ਜਾਗਦੇ ਰਹੋ ਕਲੱਬ ਪਟਿਆਲਾ ਦੇ ਡਾਕਟਰਾਂ ਵਲੋਂ ਖ਼ੂਨਦਾਨੀਆਂ ਤੋਂ 40 ਯੂਨਿਟ ਦੇ ਕਰੀਬ ਖ਼ੂਨ ਇਕੱਤਰ ਕੀਤਾ ਗਿਆ | ਇਸ ਸਮੇਂ ਉਨ੍ਹਾਂ ਨਾਲ ਗੁਰਵੀਰ ਸਿੰਘ ਰਾਏਧਰਾਣਾ, ਰਾਜਵੀਰ ਸਿੰਘ, ਮੱਘਰ ਸਿੰਘ ਕਲੇਰ, ਦਰਸ਼ਨ ਸਿੰਘ, ਬਲਦੇਵ ਸਿੰਘ, ਸਰਕਲ ਪ੍ਰਧਾਨ ਕੇਵਲ ਸਿੰਘ ਰਾਏਧਰਾਣਾ ਵੀ ਮੌਜੂਦ ਸਨ |