ਸੁਨਾਮ ਊਧਮ ਸਿੰਘ ਵਾਲਾ, 3 ਜਨਵਰੀ (ਧਾਲੀਵਾਲ, ਭੁੱਲਰ) - ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਮੈਡਮ ਦਾਮਨ ਥਿੰਦ ਬਾਜਵਾ ਨੇ ਪੈੱ੍ਰਸ ਬਿਆਨ ਜਰੀਏ ਕਿਹਾ ਕਿ ਹਾਲ ਹੀ ਵਿਚ ਸੁਨਾਮ ਵਿਚ ਸ਼ੁਰੂ ਹੋਏ ਲਗਭਗ 29 ਕਰੋੜ ਰੁਪਏ ਦੇ ਸੀਵਰੇਜ ਪ੍ਰੋਜੈਕਟ ਸਬੰਧੀ ਮੈਂ ਪਹਿਲਾਂ ਇਹ ਕਿਹਾ ਸੀ ਕਿ ਇਸ ਰਕਮ ਵਿਚੋਂ 50 ਫ਼ੀਸਦੀ ਰਕਮ ਸਿੱਧੀ ਗਰਾਂਟ ਦੇ ਰੂਪ ਵਿਚ ਕੇਂਦਰ ਸਰਕਾਰ ਵਲੋਂ ਦਿੱਤੀ ਗਈ ਹੈ | ਇਸ ਸਬੰਧ ਵਿਚ ਮੈਂ ਆਪਣੀ ਗੱਲ ਨੂੰ ਦਰੁਸਤ ਕਰਦੀ ਹੋਈ ਇਹ ਸਪਸ਼ਟ ਕਰਨਾ ਚਾਹੁੰਦੀ ਹਾਂ ਕਿ ਇਸ ਰਕਮ ਦਾ 85 ਫ਼ੀਸਦੀ ਹਿੱਸਾ ਕੇਂਦਰ ਸਰਕਾਰ ਵਲੋਂ ਬਣਾਏ ਗਏ ਯੂ.ਡੀ.ਆਈ.ਐਫ (ਅਰਬਨ ਇੰਫਰਾਸਟਰਕਚਰ ਡਿਵੈਲਪਮੈਂਟ ਫੰਡ) ਅਧੀਨ ਕਰਜ਼ੇ ਦੇ ਤੌਰ 'ਤੇ ਦਿੱਤੀ ਗਈ ਹੈ, ਨਾ ਕਿ ਸਿੱਧੀ ਗਰਾਂਟ ਵਜੋਂ | ਹਾਲਾਂਕਿ ਇਹ ਵੀ ਇੱਕ ਅਟੱਲ ਸਚਾਈ ਹੈ ਕਿ ਇਸ ਸੀਵਰੇਜ ਪ੍ਰੋਜੈਕਟ ਨੂੰ ਨੇਪਰੇ ਚੜ੍ਹਾਉਣ ਲਈ ਕੁੱਲ ਰਕਮ ਦੀ ਲਗਭਗ 85% ਰਕਮ ਕੇਂਦਰ ਸਰਕਾਰ ਵਲੋਂ ਬਣਾਏ ਯੂ.ਡੀ.ਆਈ.ਐਫ ਰਾਹੀਂ ਹੀ ਕਰਜ਼ੇ ਦੇ ਰੂਪ ਵਿਚ ਉਪਲਬਧ ਕਰਵਾਈ ਗਈ ਹੈ, ਜਿਸ ਦੀ ਭਰਪਾਈ ਆਉਣ ਵਾਲੇ ਸਾਲਾਂ ਵਿਚ ਰਾਜ ਸਰਕਾਰ ਅਤੇ ਆਿਖ਼ਰਕਾਰ ਲੋਕਾਂ ਵਲੋਂ ਹੀ ਕੀਤੀ ਜਾਵੇਗੀ | ਇਸ ਮਾਮਲੇ ਵਿਚ ਮੇਰੇ ਵੱਡੇ ਭਰਾ ਅਮਨ ਅਰੋੜਾ ਵਲੋਂ ਤੁਰੰਤ ਪੱਤਰ ਜਾਰੀ ਕਰ ਕੇ ਗੱਲ ਸਪਸ਼ਟ ਕਰਨ ਦੀ ਜੋ ਫੁਰਤੀ ਦਿਖਾਈ ਗਈ ਹੈ, ਉਹ ਨਿਸ਼ਚਿਤ ਤੌਰ 'ਤੇ ਇੱਕ ਚੰਗਾ ਕਦਮ ਹੈ ਅਤੇ ਮੈਂ ਇਸ ਦਾ ਸਵਾਗਤ ਕਰਦੀ ਹਾਂ ਪਰ ਇਸ ਦੇ ਨਾਲ ਹੀ ਮੈਂ ਉਮੀਦ ਅਤੇ ਬੇਨਤੀ ਕਰਦੀ ਹਾਂ ਕਿ ਉਹੀ ਫੁਰਤੀ ਸੁਨਾਮ ਵਿਧਾਨ ਸਭਾ ਹਲਕੇ ਵਿਚ ਚੱਲ ਰਹੇ ਜਾਂ ਪਿਛਲੇ 3 ਸਾਲਾਂ ਵਿਚ ਸ਼ੁਰੂ ਹੋਏ ਹੋਰ ਅਨੇਕਾਂ ਵਿਕਾਸ ਪ੍ਰੋਜੈਕਟਾਂ ਲਈ ਕੇਂਦਰ ਸਰਕਾਰ ਵਲੋਂ ਕੀਤੀ ਗਈ ਫੰਡਿੰਗ ਨੂੰ ਲੈ ਕੇ ਵੀ ਦਿਖਾਈ ਜਾਵੇਗੀ, ਜਿਨ੍ਹਾਂ ਬਾਰੇ ਮੈਂ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਦੇ ਧਿਆਨ ਵਿਚ ਲਿਆਵਾਂਗੀ |